ਗੂਗਲ ਪੇਅ ਦੀ ਫਰਜ਼ੀ ਐਂਟਰੀ ਦਿਖਾ ਕੇ ਦੁਕਾਨਦਾਰ ਨਾਲ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ
ਥਾਣਾ ਗਿੱਦੜਬਾਹਾ ਪੁਲੀਸ ਨੇ ਇਕ ਦੁਕਾਨਦਾਰ ਨਾਲ ਗੂਗਲ ਪੇਅ ਦੀ ਫਰਜ਼ੀ ਐਂਟਰੀ ਦਿਖਾ ਕੇ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ। ਡੀਐੱਸਪੀਠ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਵਿੰਦਰ ਸਿੰਘ ਵਾਸੀ ਗਿੱਦੜਬਾਹਾ ਨੇ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਹੁਸਨਰ ਚੌਕ ਵਿੱਚ ਮੋਬਾਇਲ ਅਸੈਸਰੀ ਦੀ ਦੁਕਾਨ ਕਰਦਾ ਹੈ ਅਤੇ ਉਸ ਕੋਲ ਖੁਦ ਨੂੰ ਪੰਜਾਬ ਪੁਲੀਸ ਦਾ ਕਰਮਚਾਰੀ ਦੱਸਣ ਵਾਲਾ ਇਕ ਵਿਅਕਤੀ ਆਇਆ ਅਤੇ ਉਸ ਨੇ 3000 ਰੁਪਏ ਨਗਦ ਦੀ ਮੰਗ ਕੀਤੀ ਅਤੇ ਇਸਦੇ ਬਦਲੇ ਦੁਕਾਨਦਾਰ ਨੂੰ ਰਕਮ ਗੂਗਲ ਪੇਅ ਰਾਹੀਂ ਅਦਾਇਗੀ ਕਰਨ ਦੀ ਗੱਲ ਆਖੀ। ਦੁਕਾਨਦਾਰ ਨੇ ਉਸ ਵਿਅਕਤੀ ਨੂੰ 3 ਹਜ਼ਾਰ ਰੁਪਏ ਨਗਦ ਦੇ ਦਿੱਤੇ ਪਰੰਤੂ ਉਕਤ ਵਿਅਕਤੀ ਨੇ ਗੂਗਲ ਪੇਅ ਦੀ ਫਰਜ਼ੀ ਐਂਟਰੀ ਦਿਖਾ ਦਿੱਤੀ ਜਦੋਂ ਕਿ ਦੁਕਾਨਦਾਰ ਦੇ ਬੈਂਕ ਖਾਤੇ ਵਿਚ ਕੋਈ ਰਕਮ ਨਹੀਂ ਆਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰਕੇ ਤਫਤੀਸ਼ ਸੁਰੂ ਕੀਤੀ, ਜਿਸ ’ਤੇ ਪੁਲੀਸ ਨੇ ਕਰਨੈਲ ਸਿੰਘ ਉਰਫ ਦੀਪ ਵਾਸੀ ਦੂਲੇਵਾਲ ਜ਼ਿਲ੍ਹਾ ਮਾਨਸਾ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਵੀ ਕੁਝ ਜਗ੍ਹਾ ’ਤੇ ਇਸ ਤਰ੍ਹਾਂ ਠੱਗੀਆਂ ਮਾਰੀਆਂ ਹਨ।