ਬੂਟਾ ਸਿੰਘ ਸ਼ਾਦ ਬਾਰੇ ਸੰਪਾਦਿਤ ਪੁਸਤਕ ‘ਮਲਵਈ ਦੁਰਗ’ ਰਿਲੀਜ਼
ਟੀਚਰਜ਼ ਹੋਮ ’ਚ ਕਰਵਾਏ ਸਮਾਗਮ ’ਚ ਉਘੇ ਲੇਖਕਾਂ ਨੇ ਕੀਤੀ ਸ਼ਿਰਕਤ
ਮਨੋਜ ਸ਼ਰਮਾ
ਬਠਿੰਡਾ, 15 ਜੂਨ
ਪੰਜਾਬੀ ਸਾਹਿਤ ਪ੍ਰੇਮੀਆਂ ਲਈ ਅੱਜ ਬਠਿੰਡਾ ਵਿੱਚ ਮਹੱਤਵਪੂਰਨ ਦਿਨ ਰਿਹਾ। ਅੱਜ ਟੀਚਰਜ਼ ਹੋਮ ’ਚ ਪੰਜਾਬੀ ਸਾਹਿਤ ਸਭਾ ਵੱਲੋਂ ਸਮਾਗਮ ਦੌਰਾਨ ਮਸ਼ਹੂਰ ਲੇਖਕ ਬੂਟਾ ਸਿੰਘ ਚੌਹਾਨ ਵੱਲੋਂ ਸੰਪਾਦਿਤ ਪੁਸਤਕ ‘ਮਲਵਈ ਦੁਰਗ ਬੂਟਾ ਸਿੰਘ ਸ਼ਾਦ’ ਰਿਲੀਜ਼ ਕੀਤੀ ਗਈ। ਇਹ ਪੁਸਤਕ ਮਸ਼ਹੂਰ ਨਾਵਲਕਾਰ ਬੂਟਾ ਸਿੰਘ ਸ਼ਾਦ ਦੀ ਜ਼ਿੰਦਗੀ, ਰਚਨਾਤਮਕ ਯਾਤਰਾ ਅਤੇ ਵਿਅਕਤੀਗਤ ਪਹਿਲੂਆਂ ਉੱਤੇ ਵਿਸਥਾਰ ਨਾਲ ਚਾਨਣਾ ਪਾਉਂਦੀ ਹੈ। ਪੁਸਤਕ ਦੀ ਰਿਲੀਜ਼ ਰਸਮ ਸਾਬਕਾ ਐੱਸਡੀਐੱਮ ਅਤੇ ਪ੍ਰਸਿੱਧ ਕਵੀ ਗੋਪਾਲ ਸਿੰਘ ਕੋਟਫੱਤਾ ਨੇ ਅਦਾ ਕੀਤੀ। ਇਸ ਮੌਕੇ ਜਸਪਾਲ ਮਾਨਖੇੜਾ, ਡਾ. ਇਕਬਾਲ ਸਿੰਘ ਸਕਰੌਦੀ, ਜਗਮੇਲ ਸਿੰਘ ਸਿੱਧੂ, ਖ਼ੁਸ਼ਵੰਤ ਬਰਗਾੜੀ, ਡਾ. ਗੁਰਦੇਵ ਸਿੰਘ ਖੋਖਰ ਅਤੇ ਲਛਮਣ ਸਿੰਘ ਮਲੂਕਾ ਨੇ ਵੀ ਸ਼ਿਰਕਤ ਕੀਤੀ। ਬੂਟਾ ਸਿੰਘ ਚੌਹਾਨ ਨੇ ਦੱਸਿਆ, “ਸ਼ਾਦ ਮੇਰੇ ਕਰੀਬੀ ਦੋਸਤ ਸਨ। ਉਨ੍ਹਾਂ ਬਾਰੇ ਕੋਈ ਵਿਸਥਾਰਤ ਪੁਸਤਕ ਉਪਲੱਬਧ ਨਹੀਂ ਸੀ, ਜਿਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਇਹ ਪੁਸਤਕ ਕਰਦੀ ਹੈ।” ਜਸਪਾਲ ਮਾਨਖੇੜਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਸਤਕ ਲਈ ਸ਼ਾਦ ਦੇ ਪਿੰਡ ਦਾਨ ਸਿੰਘ ਵਾਲਾ ਬਾਰੇ ਲੇਖ ਲਿਖਿਆ ਹੈ, ਜਿਸ ਵਿੱਚ ਨਵੀਂ ਪੀੜ੍ਹੀ ਦੀ ਰਾਇ ਵੀ ਸ਼ਾਮਲ ਹੈ। ਖ਼ੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਪੁਸਤਕ ਵਿੱਚ ਉਨ੍ਹਾਂ ਲੇਖਕਾਂ ਦੇ ਲੇਖ ਹਨ, ਜਿਨ੍ਹਾਂ ਨੇ ਸ਼ਾਦ ਨਾਲ ਨਿੱਜੀ ਤੌਰ 'ਤੇ ਸਮਾਂ ਬਤੀਤ ਕੀਤਾ ਸੀ। ਇਸ ਤੋਂ ਇਲਾਵਾ ਸ਼ਾਦ ਦੀਆਂ ਤਿੰਨ ਅਣਛਪੀਆਂ ਕਹਾਣੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਗੋਪਾਲ ਸਿੰਘ ਕੋਟਫੱਤਾ ਨੇ ਚੌਹਾਨ ਦੀ ਸਾਹਿਤਕ ਸੇਵਾ ਦੀ ਸਰਾਹਨਾ ਕਰਦਿਆਂ ਦੱਸਿਆ ਕਿ ਚੌਹਾਨ ਨੇ ਇਸ ਤੋਂ ਪਹਿਲਾਂ ਪ੍ਰਸਿੱਧ ਲੇਖਕ ਰਾਮ ਸਰੂਪ ਅਣਖੀ ਬਾਰੇ ਵੀ ‘ਮਾਲਵੇ ਦਾ ਸਾਗਵਾਨ’ ਨਾਂਅ ਨਾਲ ਪੁਸਤਕ ਦਾ ਸੰਪਾਦਨ ਕੀਤਾ ਸੀ। ਇਸ ਮੌਕੇ ਗ਼ਜ਼ਲਕਾਰ ਰਣਬੀਰ ਰਾਣਾ, ਕਾਮਰੇਡ ਜਰਨੈਲ ਸਿੰਘ, ਹਰਬੰਸ ਲਾਲ ਗਰਗ ਤੇ ਹੋਰ ਲੇਖਕ ਹਾਜ਼ਰ ਸਨ।

