ਪੰਜਾਬ ’ਚ ਪ੍ਰੀ-ਮੌਨਸੂਨ ਦੀ ਦਸਤਕ ਦੇ ਬਾਵਜੂਦ ਮਾਲਵਾ ਸੁੱਕਾ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੂਨ
ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰੀ-ਮੌਨਸੂਨ ਦੀ ਦਸਤਕ ਦੇਣ ਦੇ ਬਾਵਜੂਦ ਮਾਨਸਾ ਇਲਾਕੇ ਵਿੱਚ ਮੀਂਹ ਨਾ ਪੈਣ ਕਾਰਨ ਗਰਮੀ ਵੱਟ ਕੱਢ ਰਹੀ ਹੈੈ, ਜਿਸ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ’ਚ ਮੁਸ਼ਕਲਾਂ ਆ ਰਹੀਆਂ ਹਨ। ਅੱਜ ਵੀ ਪੰਜਾਬ ’ਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀਆਂ ਖ਼ਬਰਾਂ ਹਨ ਪਰ ਮਾਲਵੇ ਖੇਤਰ ਵਿੱਚ ਅੱਜ ਵੀ ਗਰਮੀ ਨੇ ਵੱਟ ਕੱਢੇ। ਭਾਵੇਂ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ ਪਰ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚੋਂ ਮਾਲਵਾ ਖੇਤਰ ਦਾ ਕੋਈ ਵੀ ਜ਼ਿਲ੍ਹਾ ਨਹੀਂ ਹੈ। ਅੰਨਦਾਤਾ ਅਜੇ ਪਹਿਲਾਂ ਤੋਂ ਲੱਗੇ ਹੋਏ ਝੋਨੇ ਨੂੰ ਪਾਲਣ ਦੇ ਰੌਂਅ ਵਿੱਚ ਹੈ ਅਤੇ ਨਵੇਂ ਝੋਨੇ ਦੀ ਲੁਵਾਈ ਸਬੰਧੀ ਮੀਂਹ ਦੀ ਉਡੀਕ ਕੀਤੀ ਜਾ ਰਹੀ ਹੈ। ਗਰਮੀ ਕਾਰਨ ਅੱਜ-ਕੱਲ੍ਹ ਕਿਸੇ-ਕਿਸੇ ਖੇਤ ਵਿੱਚ ਝੋਨਾ ਲਾਇਆ ਜਾ ਰਿਹਾ ਹੈ। ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਤਪਸ਼ ਨੇ ਝੋਨਾ ਲਾਉਣ ਵਿੱਚ ਦਿਕੱਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਖੇਤੀ ਮਾਹਿਰਾਂ ਨੇ ਕਿਹਾ ਕਿ ਗਰਮੀ ਦੌਰਾਨ ਜਿਹੜੇ ਕਿਸਾਨਾਂ ਨੇ ਝੋਨਾ ਲਾ ਦਿੱਤਾ ਹੈ, ਉਹ ਵੀ ਪਾਣੀ ਤੱਤਾ ਹੋਣ ਕਾਰਨ ਮੱਚਣ ਲੱਗ ਪਿਆ ਹੈ। ਬਹੁਤੇ ਕਿਸਾਨਾਂ ਨੇ ਹੁਣ ਝੋਨੇ ਨੂੰ ਲਾਉਣ ਦੀ ਥਾਂ ਥੋੜ੍ਹੇ ਦਿਨ ਖੜ੍ਹਨ ਦੀ ਤਰਜੀਹ ਦਿੱਤੀ ਜਾਣ ਲੱਗੀ ਹੈ।
ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਮੌਸਮ ਵਿਗਿਆਨੀ ਜਤਿੰਦਰ ਕੌਰ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਅਗਲੇ ਪੰਜ ਘੱਟ ਤੋਂ ਘੱਟ ਤਾਪਮਾਨ 25.0 ਤੋਂ 28.0 ਡਿਗਰੀ ਸੈਲਸੀਅਸ , ਜਦਕਿ ਵੱਧ ਤੋਂ ਵੱਧ ਤਾਪਮਾਨ 34.0 ਤੋਂ 40 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 3-4 ਦਿਨ ਬੱਦਲਬਾਈ ਛਾਈ ਰਹੇਗੀ ਅਤੇ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੀਂਹ ਨਾ ਪੈਣ ਕਾਰਨ ਝੋਨੇ ਦੀ ਲੁਆਈ ਨੂੰ ਰੋਕਿਆ ਹੋਇਆ ਹੈ।