DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਕਾਰਨ ਮਾਲਵਾ ਹੋਇਆ ਜਲ-ਥਲ

ਬਠਿੰਡਾ ’ਚ ਕਈ ਖੇਤਰਾਂ ’ਚ ਪਾਣੀ ਭਰਨ ਕਾਰਨ ਕਾਰਾਂ ਤੇ ਮੋਟਰਸਾਈਕਲ ਪਾਣੀ ’ਚ ਫਸੇ
  • fb
  • twitter
  • whatsapp
  • whatsapp

ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ

ਮਾਨਸਾ/ਬਠਿੰਡਾ, 14 ਜੁਲਾਈ

ਮਾਲਵਾ ਖੇਤਰ ਵਿਚ ਅੱਜ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਇਸ ਦੌਰਾਨ ਬਠਿੰਡਾ ਤੇ ਮਾਨਸਾ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਲੋਕਾਂ ਦੇ ਵਾਹਨ ਰੁਕ ਗਏ। ਬਠਿੰਡਾ ਦਾ ਪਾਵਰ ਹਾਊਸ ਰੋਡ, ਜ਼ਿਲ੍ਹਾ ਕਚਹਿਰੀਆਂ, ਸਿਵਲ ਲਾਈਨਜ਼ ਖੇਤਰ, ਐਸਐਸਪੀ ਤੇ ਡੀਸੀ ਤੇ ਡੀਆਈਜੀ ਖੇਤਰ ਵਿਚ ਪਾਣੀ ਭਰ ਗਿਆ। ਗੋਨਿਆਣਾ ਰੋਡ, ਸਿਰਕੀ ਬਾਜ਼ਾਰ, ਮਾਲ ਰੋਡ, ਪਰਸੂ ਰਾਮ ਨਗਰ, ਪ੍ਰਤਾਪ ਨਗਰ ਖੇਤਰ ਪਾਣੀ ਵਿਚ ਡੁੱਬ ਗਏ। ਇਸ ਕਾਰਨ ਮੋਟਰਸਾਈਕਲ ਤੇ ਕਾਰਾਂ ਖੜ੍ਹ ਗਈਆਂ। ਇਸ ਕਾਰਨ ਸਕੂਲਾਂ ਵਾਹਨਾਂ ਨੂੰ ਵੀ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਖੇਤਰੀ ਖੋਜ ਕੇਂਦਰ ਅਨੁਸਾਰ ਬਠਿੰਡਾ ਵਿੱਚ ਦੁਪਹਿਰ ਤੱਕ 79 ਐਮਐਮ ਮੀਹ ਦਰਜ ਕੀਤਾ ਗਿਆ।

ਬਠਿੰਡਾ ਨਗਰ ਨਿਗਮ ਹੜ੍ਹਾਂ ਦੀ ਰੋਕਥਾਮ ਕਰਨ ਲਈ ਕਰੋੜਾਂ ਰੁਪਏ ਦਾ ਬਜਟ ਰੱਖਦੀ ਹੈ ਪਰ ਅੱਜ ਸ਼ਹਿਰ ਦੀ ਹਾਲਤ ਦੇਖ ਕੇ ਅਜਿਹਾ ਨਹੀਂ ਲੱਗਿਆ। ਭਾਵੇਂ ਕਿ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦਾਅਵਾ ਕੀਤਾ ਸੀ ਕਿ ਮੌਨਸੂਨ ਵਿਚ ਪਾਣੀ ਦਾ ਮਸਲਾ ਹੱਲ ਕੀਤਾ ਜਾਵੇਗਾ ਪਰ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਪਿੰਡਾਂ ਵਿਚ ਛੱਪੜ ਓਵਰਫਲੋਅ ਹੋ ਗਏ।

A car got stuck due to waterlogging on Power House Road following heavy rains in Bathinda on Monday. - Tribune photo: Pawan Sharma

ਇਸ ਮੀਂਹ ਨੇ ਸੜਕਾਂ ਜਲਥਲ ਕਰ ਦਿੱਤੀਆਂ। ਕੁੱਝ ਦਿਨ ਮੀਂਹ ਨਾ ਪੈਣ ਕਾਰਨ ਪਹਿਲਾਂ ਤੋਂ ਸੜਕਾਂ ਤੇ ਮੁਹੱਲਿਆਂ ਵਿੱਚ ਭਰਿਆ ਮੀਂਹ ਦਾ ਪਾਣੀ ਮੁਸ਼ਕਲ ਨਾਲ ਕੱਢਿਆ ਜਾ ਰਿਹਾ ਸੀ ਪਰ ਅੱਜ ਜ਼ੋਰਦਾਰ ਮੀਂਹ ਨੇ ਫਿਰ ਤੋਂ ਲੋਕਾਂ ਨੂੰ ਬਿਪਤਾ ਵਿੱਚ ਪਾ ਦਿੱਤਾ ਹੈ। ਮੀਂਹ ਦੇ ਪਾਣੀ ਨਾਲ ਸ਼ਹਿਰ ਦਾ ਬੱਸ ਅੱਡਾ ਚੌਂਕ, ਸਿਨੇਮਾ ਰੋਡ, ਵੀਰ ਨਗਰ ਮੁਹੱਲਾ, ਡੀ.ਸੀ ਦੀ ਰਿਹਾਇਸ਼ ਨੇੜੇ ਤਿੰਨਕੋਣੀ ਚੌਕ, ਅੰਡਰ ਬ੍ਰਿਜ ਦਾ ਇਲਾਕਾ ਅਤੇ ਹੋਰ ਥਾਵਾਂ ਮੀਂਹ ਦੇ ਪਾਣੀ ਨਾਲ ਭਰ ਗਈਆਂ। ਮਾਨਸਾ ਦੇ ਵੀਰ ਨਗਰ ਮੁਹੱਲੇ ਦੇ ਲੋਕਾਂ ਨੇ ਰੇਲਵੇ ਫਾਟਕ ’ਤੇ ਕੁੱਝ ਦਿਨ ਧਰਨਾ ਲਗਾਕੇ ਮੁਹੱਲੇ ਵਿਚੋਂ ਮੀਂਹ ਦਾ ਪਾਣੀ ਕੱਢੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕਿਆ ਸੀ। ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਮੁਹੱਲਾ ਵੀਰ ਨਗਰ ਸਮੇਤ ਹੋਰਨਾਂ ਥਾਵਾਂ ’ਤੇ ਭਰਿਆ ਪਾਣੀ ਕੱਢਿਆ ਹੀ ਸੀ ਕਿ ਸੋਮਵਾਰ ਦੇ ਮੀਂਹ ਨੇ ਫਿਰ ਸਾਰੀਆਂ ਸੜਕਾਂ ਪਾਣੀ ਨਾਲ ਭਰ ਦਿੱਤੀਆਂ। ਪਾਣੀ ਨਿਕਾਸੀ ਲਈ ਕੋਈ ਢੁਕਵੀਂ ਜਗ੍ਹਾ ਨਾ ਹੋਣ ਕਾਰਨ ਮੁਹੱਲਾ ਵੀਰ ਨਗਰ ਸਮੇਤ ਬੱਸ ਅੱਡਾ ਚੌਂਕ ਅਤੇ ਹੋਰ ਨੀਵੀਆਂ ਥਾਵਾਂ ’ਤੇ ਮੀਂਹ ਦਾ ਪਾਣੀ ਭਰ ਗਿਆ। ਲੋਕਾਂ ਨੂੰ ਆਪਣੇ ਕੰਮਾਂ-ਕਾਜਾਂ ਤੋਂ ਮੁੜਨਾ ਵੀ ਔਖਾ ਹੋ ਗਿਆ।

ਨਗਰ ਕੌਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਾਬਕਾ ਕੌਂਸਲਰ ਸ਼ਿਵਚਰਨ ਸੂਚਨ, ਘਨੀਸ਼ਾਮ ਨਿੱਕੂ, ਹਰਪਾਲ ਪਾਲੀ ਦਾ ਕਹਿਣਾ ਹੈ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣਾ ਅਤੇ ਸੀਵਰੇਜ ਓਵਰਫਲੋਅ ਹੋਣ ਕਾਰਨ ਪੂਰਾ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਅਗਾਊਂ ਤੌਰ ’ਤੇ ਚਾਹੀਦਾ ਸੀ ਕਿ ਉਹ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਲਈ ਪੁਖਤਾ ਪ੍ਰਬੰਧ ਕਰ ਦੇਵੇ, ਪਰ ਇਸ ਪ੍ਰਤੀ ਧਿਆਨ ਨਾ ਦੇਣ ਕਰਕੇ ਅੱਜ ਪੂਰਾ ਸ਼ਹਿਰ ਮੀਂਹ ਅਤੇ ਸੀਵਰੇਜ ਦੇ ਪਾਣੀ ਨਾਲ ਸੜਕਾਂ ਭਰਨ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਜਾਣ ਨੂੰ ਲੈ ਕੇ ਔਖਾ ਹੈ।

ਮੀਂਹ ਨਾਲ ਮੱਕੀ ਦੀ ਫਸਲ ਖਰਾਬ ਹੋਈ

ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਅੱਜ ਸਵੇਰ ਤੋਂ ਪੈ ਰਹੇ ਮੀਂਹ ਨਾਲ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਉਥੇ ਇਸ ਮੀਂਹ ਨੇ ਸਰਕਾਰ ਨੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਦਕਿ ਝੋਨਾ ਉਤਪਾਦਕ ਖੁਸ਼ ਦਿਖਾਈ ਦੇ ਰਹੇ ਹਨ। ਇਸ ਦੇ ਉਲਟ ਮੱਕੀ ਦੇ ਆਚਾਰ ਪਾਉਣ ਵਾਲੇ ਕਿਸਾਨਾਂ ਲਈ ਇਹ ਮੀਂਹ ਸਮੱਸਿਆ ਬਣ ਗਿਆ ਹੈ। ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਸੁੱਕਣੇ ਪਾਉਣ ਲਈ ਖਿਲਾਰੀ ਮੱਕੀ ਦੀ ਫ਼ਸਲ ਮਾੜੇ ਪ੍ਰਬੰਧਾਂ ਦੀ ਭੇਂਟ ਚੜ੍ਹਦੀ ਦਿਖਾਈ ਦਿੱਤੀ। ਮੀਂਹ ਪੈਣ ਕਾਰਨ ਮੱਕੀ ਦੀ ਫ਼ਸਲ ਮੀਂਹ ਦੇ ਪਾਣੀ ਵਿੱਚ ਰੁੜ ਗਈ। ਉਥੇ ਮੰਡੀ ਵਿੱਚ ਵੱਡੇ ਪੱਧਰ ’ਤੇ ਪਾਣੀ ਜਮ੍ਹਾ ਹੋ ਗਿਆ। ਇਸ ਤੋਂ ਇਲਾਵਾ ਖੇਤਾਂ ਵਿੱਚ ਬਹੁ ਗਿਣਤੀ ਕਿਸਾਨਾਂ ਦਾ ਮੱਕੀ ਦੇ ਆਚਾਰ ਦਾ ਕੰਮ ਰੁਕ ਗਿਆ ਹੈ। ਮੀਂਹ ਨਾਲ ਖੇਤ ਪਾਣੀ ਨਾਲ ਭਰ ਗਏ ਹਨ, ਜਿਸ ਕਾਰਨ ਕਿਸਾਨਾਂ ਨੂੰ ਇੱਕ ਦੋ ਦਿਨ ਇਸ ਦੀ ਕਟਾਈ ਲਈ ਰੁਕਣਾ ਪਵੇਗਾ। ਬਹੁ ਗਿਣਤੀ ਪਿੰਡਾਂ ਵਿੱਚ ਮੀਂਹ ਦਾ ਪਾਣੀ ਛੱਪੜਾਂ ਵਿੱਚ ਓਵਰਫ਼ਲੋਅ ਹੋ ਰਿਹਾ ਹੈ, ਜਦਕਿ ਗਲੀਆਂ ਅਤੇ ਟੁੱਟੀਆਂ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ, ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹਨ।

ਮੂੰਗੀ ਦੀ ਫਸਲ ਅਤੇ ਸਬਜ਼ੀਆਂ ਖਰਾਬ ਹੋਣ ਦਾ ਖਦਸ਼ਾ

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਬਾਅਦ ਦੁਪਹਿਰ ਤੋਂ ਇਸ ਇਲਾਕੇ ਵਿੱਚ ਪੈ ਰਿਹਾ ਮੀਂਹ ਜਿੱਥੇ ਝੋਨੇ ਦੀ ਫਸਲ ਲਈ ਵਰਦਾਨ ਮੰਨਿਆ ਜਾ ਰਿਹਾ ਹੈ ਉੱਥੇ ਵੱਢਣ ਲਈ ਖੇਤਾਂ ਵਿੱਚ ਤਿਆਰ ਖੜ੍ਹੀ ਮੂੰਗੀ ਦੀ ਫਸਲ ਅਤੇ ਸਬਜ਼ੀਆਂ ਦੇ ਖਰਾਬ ਹੋਣ ਦਾ ਖਦਸ਼ਾ ਹੈ। ਬਾਰਸ਼ ਨਾਲ ਜਿੱਥੇ ਲੋਕਾਂ ਨੇ ਪਿਛਲੇ ਦਿਨਾਂ ਤੋਂ ਬਣੀ ਹੁੰਮਸ ਤੋਂ ਰਾਹਤ ਪਾਈ ਹੈ ਉੱਥੇ ਰਸਤਿਆਂ ਵਿੱਚ ਪਾਣੀ ਭਰਨ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਨੀਵੀਂਆਂ ਥਾਵਾਂ ਵਿੱਚ ਪਾਣੀ ਭਰ ਗਿਆ ਹੈ। ਰੇਤਲੀਆਂ ਜ਼ਮੀਨਾਂ ਵਿੱਚ ਬੀਜੀ ਨਰਮੇ ਦੀ ਫਸਲ ਨੂੰ ਇਸ ਸਮੇਂ ਪਾਣੀ ਦੀ ਅਤਿ ਲੋੜ ਸੀ।

ਅਸਮਾਨੀ ਬਿਜਲੀ ਡਿੱਗਣ ਕਾਰਨ ਉਪਕਰਣ ਨੁਕਸਾਨੇ

ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪਿੰਡ ਭਲਾਈਆਣਾ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲਈ ਉਪਕਰਣ ਨੁਕਸਾਨੇ ਗਏ। ਇਸ ਬਾਰੇ ਜਸਵਿੰਦਰ ਸਿੰਘ ਪੁੱਤਰ ਮੇਵਾ ਸਿੰਘ ਨੇ ਦੱਸਿਆ ਕਿ ਅਚਾਨਕ ਘਰ ਉੱਪਰ ਅਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਬਿਜਲੀ ਉਪਕਰਣ ਨੁਕਸਾਨੇ ਗਏ ਹਨ। ਉਨ੍ਹਾਂ ਕਿਹਾ ਜੋ ਵੀ ਮਕਾਨ ਵਿੱਚ ਬਿਜਲੀ ਦੀ ਫਿਟਿੰਗ ਕੀਤੀ ਗਈ ਸੀ, ਉਹ ਵੀ ਨੁਕਸਾਨੀ ਗਈ।