ਐੱਨ ਸੀ ਸੀ ਕੈਂਪ ਵਿਚ ਮੇਜਰ ਅਜਾਇਬ ਸਿੰਘ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਸਕੂਲ ਵਿਚ ਐੱਸ ਐੱਸ ਬਰਾਡ਼ ਵੱਲੋਂ ਕੈਡਿਟਾਂ ਦਾ ਸਨਮਾਨ
ਐੱਨ ਸੀ ਸੀ ਦੀ 5 ਪੰਜਾਬ ਗਰਲਜ਼ ਬਟਾਲੀਅਨ ਵੱਲੋਂ ਮੋਗਾ ਵਿੱਚ ਲਾਏ ਸੂਬਾ ਪੱਧਰੀ ਕੈਂਪ ਵਿੱਚ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੀਆਂ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕੈਂਪ ਵਿੱਚ ਸੂਬੇ ਭਰ ਤੋਂ 22 ਸੰਸਥਾਵਾਂ ਦੇ ਕੈਡਿਟਾਂ ਨੇ ਸ਼ਮੂਲੀਅਤ ਕੀਤੀ ਅਤੇ ਸਾਰਿਆਂ ਨੂੰ ਚਾਰ ਕੰਪਨੀਆਂ ਅਲਫਾ, ਬਰਾਵੋ, ਚਾਰਲੀ ਅਤੇ ਡੈਲਟਾ ਵਿੱਚ ਵੰਡੇ ਵੱਖ ਵੱਖ ਪ੍ਰਤੀਯੋਗਤਾ ਕਰਵਾਈਆਂ ਗਈਆਂ। ਸਕੂਲ ਦੀ ਐਨ ਸੀ ਸੀ ਇੰਚਾਰਜ ਲੈਫ. ਅਮ੍ਰਿਤਪਾਲ ਕੌਰ ਨੂੰ ਚਾਰਲੀ ਕੰਪਨੀ ਦਾ ਮੁਖੀ ਨਿਯੁਕਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਡਾ. ਐੱਸ ਐੱਸ ਬਰਾੜ ਨੇ ਦੱਸਿਆ ਕਿ ਕੈਂਪ ਦੌਰਾਨ ਕੈਡਿਟਾਂ ਨੇ ਡਰਿਲ, ਫਾਇਰਿੰਗ, ਸੱਭਿਆਚਾਰਕ ਅਤੇ ਖੇਡ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲਿਆ ਅਤੇ ਉੱਤਮ ਅਨੁਸ਼ਾਸਨ, ਟੀਮ ਵਰਕ ਤੇ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਓਵਰਆਲ ਟਰਾਫੀ ਦਾ ਖਿਤਾਬ ਚਾਰਲੀ, ਕੰਪਨੀ ਨੇ ਜਿੱਤਿਆ। ਸਕੂਲ ਪ੍ਰਿੰਸੀਪਲ ਨੇ ਜੇਤੂ ਕੈਡਿਟਾਂ ਨੂੰ ਉਤਸ਼ਹਿਤ ਕਰਦਿਆਂ ਉਨ੍ਹਾਂ ਨੂੰ ਕੈਂਪ ਵਿੱਚ ਵਧੀਆਂ ਰੈਂਕ ਪ੍ਰਾਪਤ ਕਰਨ ’ਤੇ ਸ਼ਲਾਘਾ ਕੀਤੀ। ਕੈਂਪ ਦੌਰਾਨ ਡਾ. ਸੀਆ ਵੱਲੋਂ ਹੈਲਥ ਅਤੇ ਮੁੱਢਲੀ ਸਹਾਇਤਾ ’ਤੇ ਭਾਸ਼ਣ ਦਿੱਤਾ ਗਿਆ ਅਤੇ ਸਾਈਬਰ ਕ੍ਰਾਈਮ ਬਾਰੇ ਆਨ ਲਾਈਨ ਸੈਸ਼ਨ ਰਾਹੀਂ ਕੈਡਿਟਾਂ ਨੂੰ ਡਿਜੀਟਲ ਸੁਰੱਖਿਆ ਅਤੇ ਜ਼ਿੰਮੇਵਾਰ ਆਨਲਾਈਨ ਵਿਹਾਰ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਦਾ ਵਿਸ਼ੇਸ਼ ਆਕਰਸ਼ਣ ਬ੍ਰਿਗੇਡੀਅਰ ਪੀ ਐੱਸ ਚੀਮਾ ਦਾ ਦੌਰਾ ਰਿਹਾ, ਜਿਸ ਨੇ ਕੈਡਿਟਾਂ ’ਚ ਆਤਮਵਿਸ਼ਵਾਸ ਪੈਦਾ ਕੀਤਾ। ਉਨ੍ਹਾਂ ਕੈਡਿਟਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਨ ਸੀ ਸੀ ਜੀਵਨ ਵਿੱਚ ਕਿਵੇਂ ਅਨੁਸ਼ਾਸਨ ਅਤੇ ਕਰੀਅਰ ਦੇ ਮੌਕੇ ਪ੍ਰਦਾਨ ਕਰਦੀ ਹੈ। ਕੈਂਪ ਦੀ ਸਮਾਪਤੀ ਕਰਨਲ ਸੁਨੀਲ ਕੁਮਾਰ ਵੱਲੋਂ ਕੀਤੀ ਗਈ। ਸਕੂਲ ਦੀਆਂ ਭਾਗੀਦਾਰੀ ਕੈਡਿਟਾਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ।

