ਮਹਿੰਦਰ ਸਾਥੀ ਦੀ ਪੁਸਤਕ ‘ਅਸੀਂ ਹਾਰੇ ਨਹੀਂ’ ਰਿਲੀਜ਼
ਪੁਸਤਕ ਦੇ ਸੰਪਾਦਕ ਮਨਜੀਤ ਪੁਰੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਸਮਾਗਮ ਵਿਚ ਪੁੱਜੀਆਂ
ਪ੍ਰਸਿੱਧ ਸ਼ਾਇਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਵੱਲੋਂ ਸੰਪਾਦਿਤ ਪ੍ਰਸਿੱਧ ਇਨਕਲਾਬੀ ਸ਼ਾਇਰ ਮਰਹੂਮ ਮਹਿੰਦਰ ਸਾਥੀ ਦੀ ਚੋਣਵੀਂ ਸ਼ਾਇਰੀ ਵਾਲੀ ਪੁਸਤਕ ‘ਅਸੀਂ ਹਾਰੇ ਨਹੀਂ’ ਇਥੇ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਨਾਮਵਰ ਵਿਅੰਗਕਾਰ, ਨਾਵਲਕਾਰ ਕੇ ਐੱਲ ਗਰਗ, ਪ੍ਰਸਿੱਧ ਸ਼ਾਇਰ ਗੁਰਤੇਜ ਕੋਹਾਰਵਾਲਾ ਤੇ ਡਾ. ਗੁਰਸੇਵਕ ਲੰਬੀ ਵੱਲੋਂ ਨਿਭਾਈ ਗਈ। ਮੰਚ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ ਨੇ ਮਨਜੀਤ ਪੁਰੀ ਵੱਲੋਂ ਲਿਖੇ ਪੇਪਰ ਇਨਕਲਾਬੀ ਸ਼ਾਇਰ ਦੀ ਮੁਹੱਬਤੀ ਸੰਵੇਦਨਾ ਵਿੱਚੋਂ ਚੋਣਵੇਂ ਅੰਸ਼ ਸਰੋਤਿਆਂ ਨਾਲ ਸਾਂਝੇ ਕੀਤੇ। ਸ਼ਾਇਰ ਹਰਮੀਤ ਵਿਦਿਆਰਥੀ ਨੇ ਮਹਿੰਦਰ ਸਾਥੀ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਮਹਿੰਦਰ ਸਾਥੀ ਮੁਹਾਜ਼ ਦਾ ਸ਼ਾਇਰ ਹੈ। ਉਸ ਦੀ ਸ਼ਾਇਰੀ ਚਿਰਾਂ ਤੱਕ ਸੰਘਰਸ਼ਸ਼ੀਲ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨਗੀ ਕਰ ਰਹੇ ਗੁਰਤੇਜ ਕੋਹਾਰਵਾਲਾ ਨੇ ਮਹਿੰਦਰ ਸਾਥੀ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਚ ਮਹਿੰਦਰ ਸਾਥੀ ਵਰਗੇ ਸਮਰੱਥ ਤੇ ਸਮਰਪਿਤ ਸ਼ਾਇਰ ਨੂੰ ਇਉਂ ਲੰਮੇ ਸਮੇਂ ਤੱਕ ਜਿਉਂਦਾ ਰੱਖਣ ਲਈ ਜੋ ਉਪਰਾਲੇ ਕਰ ਰਿਹਾ ਹੈ ਉਹ ਸ਼ਲਾਘਾਯੋਗ ਹਨ। ਡਾਕਟਰ ਗੁਰਸੇਵਕ ਲੰਬੀ ਨੇ ਸਾਥੀ ਵਰਗੇ ਲੇਖਕਾਂ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਮੰਚ ਵੱਲੋਂ ਸਾਥੀ ਦੀ ਸ਼ਾਇਰੀ ਨੂੰ ਪੁਸਤਕ ਰੂਪ ਵਿਚ ਲੋਕਾਂ ਤੱਕ ਪੁੱਜਦੀ ਕਰਦੇ ਰਹਿਣ ਦਾ ਅਹਿਦ ਕੀਤਾ। ਇਸ ਮੌਕੇ ਮੰਚ ਦੇ ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਸਕੱਤਰ ਧਾਮੀ ਗਿੱਲ, ਵਿੱਤ ਸਕੱਤਰ ਪ੍ਰਦੀਪ ਰਖੜਾ, ਸੋਨੀ ਮੋਗਾ, ਵਿਜੈ ਕੁਮਾਰ, ਜਸਵਿੰਦਰ ਧਰਮਕੋਟ ਅਤੇ ਸ਼ਕੁੰਤਲਾ ਜੰਗ ਅਤੇ ਸਾਹਿਤ ਪ੍ਰੇਮੀ ਹਾਜਰ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਹਿੰਦਰ ਸਾਥੀ ਦੀ ਸ਼ਾਇਰੀ ਦੇ ਹਵਾਲੇ ਨਾਲ਼ ਅਜੋਕੀ ਪੀੜ੍ਹੀ ਨੂੰ ਸਾਥੀ ਤੋਂ ਪ੍ਰੇਰਨਾ ਲੈਣ ਲਈ ਆਖਿਆ।

