ਮਹਿਲ ਕਲਾਂ ਦੀ ਟੁੱਟੀ ਫ਼ਿਰਨੀ ਦੀ ਸੜਕ ਨੂੰ ‘ਬਦਲਾਅ’ ਦਾ ਇੰਤਜ਼ਾਰ
ਹਸਪਤਾਲ ਨੂੰ ਜਾਂਦੇ ਮੁੱਖ ਰਸਤੇ ਦੀ ਹਾਲਤ ਖਸਤਾ ਹੋਣ ਕਾਰਨ ਲੰਬੇ ਸਮੇਂ ਤੋਂ ਲੋਕ ਪ੍ਰੇਸ਼ਾਨ
ਸੂਬੇ ਵਿੱਚ ‘ਆਪ’ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਰਾਜ ਦੌਰਾਨ ਵੀ ਕਸਬਾ ਮਹਿਲ ਕਲਾਂ ਦੀ ਫ਼ਿਰਨੀ ਨੂੰ ‘ਬਦਲਾਅ’ ਦਾ ਇੰਤਜ਼ਾਰ ਹੈ। ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀ ਫ਼ਿਰਨੀ ਦੀ ਹਾਲਤ ਵੱਖ-ਵੱਖ ਥਾਵਾਂ ਤੋਂ ਖਸਤਾਹਾਲ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਦੇ ਮੁੱਖ ਬੱਸ ਅੱਡੇ ਤੋਂ ਸਰਕਾਰੀ ਹਸਪਤਾਲ ਨੂੰ ਜਾਣ ਵਾਲੀ ਸੜਕ ਲੰਬੇ ਸਮੇਂ ਤੋਂ ਟੁੱਟੀ ਹੋਈ ਹੈ। ਸੱਥ ਨੇੜੇ ਸੜਕ ਦੇ ਟੋਇਆਂ ਨੂੰ ਲੋਕਾਂ ਵਲੋਂ ਇੱਟਾਂ-ਰੋੜੇ ਸੁੱਟ ਕੇ ਲੰਘਣਯੋਗ ਬਣਾਇਆ ਹੋਇਆ ਹੈ। ਇਹ ਕਮਿਊਨਟੀ ਹੈਲਥ ਸੈਂਟਰ ਜਾਣ ਦਾ ਮੁੱਖ ਰਸਤਾ ਹੈ, ਜਿੱਥੋਂ ਇਲਾਜ ਕਰਵਾਉਣ ਲਈ ਇਲਾਕੇ ਦੇ ਦਰਜਨ ਭਰ ਪਿੰਡਾਂ ਦੇ ਲੋਕ ਲੰਘਦੇ ਹਨ ਪਰ ਟੁੱਟੀ ਸੜਕ ਕਾਰਨ ਲੋਕਾਂ ਨੂੰ ਸਮੱਸਿਆ ਆਉਂਦੀ ਹੈ। ਮੀਂਹ ਦੇ ਦਿਨਾਂ ਵਿੱਚ ਇੱਥੇ ਪਾਣੀ ਭਰਨ ਕਾਰਨ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਲੋਕਾਂ ਦੀ ਵਾਰ-ਵਾਰ ਮੰਗ ਹੋਣ ਦੇ ਬਾਵਜੂਦ ਇਸ ਸੜਕ ਦੀ ਹਾਲਤ ਨਹੀਂ ਸੁਧਾਰੀ ਗਈ। ਸੂਬਾ ਸਰਕਾਰ ਦੀ ‘ਸੜਕ ਸੁਧਾਰ ਪ੍ਰਾਜੈਕਟ’ ਅਜੇ ਮਹਿਲ ਕਲਾਂ ਤੋਂ ਦੂਰ ਜਾਪ ਰਿਹਾ ਹੈ। ਇਸਤੋਂ ਬਿਨ੍ਹਾਂ ਮਹਿਲ ਕਲਾਂ ਤੋਂ ਪੁਲੀਸ ਥਾਣੇ ਨੂੰ ਜਾਣ ਵਾਲੇ ਰਸਤਾ ਵੀ ਤਰਸਯੋਗ ਹਾਲਤ ਵਿੱਚ ਹੈ, ਜਿੱਥੋਂ ਸੈਂਕੜੇ ਦੀ ਗਿਣਤੀ ਵਿੱਚ ਲੋਕ ਰੋਜ਼ਾਨਾ ਆਉਣ-ਜਾਣ ਕਰਦੇ ਹਨ। ਇਸੇ ਤਰ੍ਹਾਂ ਸਹੌਰ ਨੂੰ ਜਾਣ ਵਾਲੇ ਅੰਦਰੂਨੀ ਰਸਤੇ ਦੀ ਪੁਲੀ ਵੀ ਸਰਕਾਰ ਦੀ ਸਵੱਲੀ ਨਜ਼ਰ ਤੋਂ ਵਾਂਝੀ ਹੈ। ਮਹਿਲ ਕਲਾਂ ਦੀਆਂ ਦੋਵੇਂ ਪੰਚਾਇਤਾਂ ‘ਆਪ’ ਨਾਲ ਜੁੜੀਆਂ ਹੋਣ ਦੇ ਬਾਵਜੂਦ ਲੰਬੇ ਅਰਸੇ ਤੋਂ ਟੁੱਟੀ ਸੜਕ ਬਣਵਾਉਣ ’ਚ ਅਸਫ਼ਲ ਹੀ ਰਹੀਆਂ ਹਨ।
ਮੌਜੂਦਾ ਚੋਣਾਂ ਵੀ ‘ਆਪ’ ਵਿਕਾਸ ਦੇ ਨਾਮ ’ਤੇ ਲੜ ਰਹੀ ਹੈ, ਪਰ ਮਹਿਲ ਕਲਾਂ ਦੀ ਟੁੱਟੀ ਦੇਖ ਕੇ ਵਿਕਾਸ ਇੱਥੋਂ ਕੋਹਾਂ ਦੂਰ ਜਾਪ ਰਿਹਾ ਹੈ। ਪਿਛਲੇ ਦਿਨਾਂ ਵਿੱਚ ‘ਆਪ’ ਹਲਕਾ ਵਿਧਾਇਕ ਵਲੋਂ ਵੱਡੇ ਪੱਧਰ ’ਤੇ ਸੜਕਾਂ ਦੇ ਉਦਘਾਟਨ ਕਰਕੇ ‘ਸੜਕ ਕ੍ਰਾਂਤੀ’ ਲਿਆਉਣ ਦਾ ਦਾਅਵਾ ਕੀਤਾ ਗਿਆ ਪਰ ਮਹਿਲ ਕਲਾਂ ਦੇ ਲੋਕ ਇਸ ਕ੍ਰਾਂਤੀ ਦੇ ਪਿੰਡ ਪਹੁੰਚਣ ਦੀ ਉਡੀਕ ਕਰ ਰਹੇ ਹਨ।

