ਮੀਂਹ ਕਾਰਨ ਨੀਵੇਂ ਖੇਤਰਾਂ ਵਿੱਚ ਪਾਣੀ ਭਰਿਆ
ਮਨੋਜ ਸ਼ਰਮਾ
ਬਠਿੰਡਾ, 10 ਜੁਲਾਈ
ਇੱਥੇ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਪਰ ਬਠਿੰਡਾ ਦੀਆਂ ਸਲੱਮ ਬਸਤੀਆਂ ਅਤੇ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ। ਬਠਿੰਡਾ ਵਿਚ 12.8 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਖੇਤੀਬਾੜੀ ਯੂਨੀਵਰਸਿਟੀ ਦੇ ਖ਼ੇਤੀ ਖ਼ੋਜ ਕੇੰਦਰ ਤੋਂ ਮਿਲੀ ਰਿਪੋਰਟ ਮੁਤਾਬਕ ਦਿਨ ਦਾ ਤਾਪਮਾਨ ਘੱਟ ਤੋਂ ਘੱਟ 23. 6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 28.2 ਡਿਗਰੀ ਦਰਜ ਕੀਤਾ ਗਿਆ। ਅੱਜ ਪਏ ਮੀਂਹ ਨਾਲ ਖੇਤਾਂ ਵਿਚ ਖੜ੍ਹੀ ਝੋਨੇ ਅਤੇ ਨਰਮੇ ਦੀ ਫ਼ਸਲ ਨੂੰ ਬੜੀ ਰਾਹਤ ਮਿਲੀ। ਇਸ ਮੀਂਹ ਨੇ ਝੋਨੇ ਦੀ ਫ਼ਸਲ ਲਈ ਦੇਸੀ ਘਿਉ ਦਾ ਕੰਮ ਕੀਤਾ। ਉਥੇ ਗਰਮੀ ਕਾਰਨ ਸੁੱਕ ਰਹੀ ਨਰਮੇ ਦੀ ਫ਼ਸਲ ਨੂੰ ਵੱਡੀ ਰਾਹਤ ਮਿਲੀ ਹੈ। ਖ਼ੇਤੀ ਮਾਹਰਾਂ ਦਾ ਕਹਿਣਾ ਹੈ, ਕਿ ਮਾਲਵਾ ਖੇਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਸਨ। ਉਧਰ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਕਈ ਕਿਸਾਨਾਂ ਨੇ ਕਿਹਾ ਕਿ ਮੀਂਹ ਦੀ ਇੱਕ-ਦੋ ਝੜੀ ਹੋਰ ਜ਼ਰੂਰੀ ਹੈ, ਤਾਂ ਜੋ ਬਾਸਮਤੀ, ਪਿਛੇਤੀ ਕਿਸਮ ਝੋਨੇ ਦੀਆਂ ਝੋਨੇ ਦੀ ਲਵਾਈ ਆਸਾਨੀ ਨਾਲ ਹੋ ਸਕੇ। ਗੌਰਤਲਬ ਹੈ ਕਿ ਬਠਿੰਡਾ ਦੇ ਬਹੁਤ ਖੇਤਰ ਹਾਲੇ ਵੀ ਸੁੱਕੇ ਪਏ ਸਨ। ਗੌਰਤਲਬ ਹੈ ਕਿ ਭਾਵੇਂ ਕਿਸਾਨਾਂ ਨੇ ਝੋਨੇ ਦੀ ਲਵਾਈ ਦਾ ਕੰਮ ਲਗਪਗ ਨੇਪਰੇ ਚਾੜ ਲਿਆ ਹੈ, ਪਰ ਹਾਲ਼ੇ ਵੀ ਮੱਕੀ ਹੇਠਲੇ ਰਕਬੇ ਵਿਚਲੇ ਝੋਨਾ ਲਗਾਉਣ ਦਾ ਕੰਮ ਬਾਕੀ ਹੈ। ਦੱਸਣਯੋਗ ਹੈ ਕਿ ਪਾਵਰਕੌਂਮ ਵੱਲੋਂ ਲਗਾਤਾਰ ਖ਼ੇਤੀ ਸੈਕਟਰ ਨੂੰ ਦਿੱਤੀ ਜਾਣ ਵਾਲੀ ਸਪਲਾਈ ਦੌਰਾਨ ਕੱਟ ਲੱਗ ਰਹੇ ਸਨ। ਮੌਸਮ ਵਿਭਾਗ ਨੇ ਅਗਲੇ ਦਿਨਾਂ 'ਚ ਹੋਰ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।