ਸਰਕਾਰੀ ਸਮਾਗਮ ’ਚ ਲਾਰੀਆਂ, ਖੁਆਰ ਹੋਈਆਂ ਸਵਾਰੀਆਂ
ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜਾ ਸਬੰਧੀ ਪੰਜਾਬ ਸਰਕਾਰ ਵੱਲੋਂ ਸੁਨਾਮ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮਾਗਮ ਵਿੱਚ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਲਿਜਾਣ ਲਈ ਪੀਆਰਟੀਸੀ ਬੱਸਾਂ ਤਾਇਨਾਤ ਕੀਤੀਆਂ ਗਈਆਂ ਸਨ। ਦੂਜੇ ਪਾਸੇ ਬੱਸਾਂ ਨਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਖੱਜਲ-ਖੁਆਰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਹੋਣਾ ਪਿਆ। ਲੋਕ ਅੱਡਿਆਂ ’ਤੇ ਅੱਜ ਬੱਸਾਂ ਉਡੀਕਦੇ ਰਹੇ। ਦੂਜੇ ਪਾਸੇ ਪ੍ਰਾਈਵੇਟ ਵਾਲਿਆਂ ਦੀ ਚਾਂਦੀ ਬਣੀ ਰਹੀ।
ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਬਠਿੰਡਾ, ਬੁਢਲਾਡਾ, ਬਰਨਾਲਾ, ਸੰਗਰੂਰ, ਫਰੀਦਕੋਟ, ਪਟਿਆਲਾ ਡਿਪੂਆਂ, ਪੰਜਾਬ ਰੋਡਵੇਜ਼ ਦੇ ਡਿਪੂਆਂ ’ਚੋਂ ਬੱਸਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਮਾਗਮ ਵਿੱਚ ਲਿਜਾਣ ਲਈ ਭੇਜਿਆ ਗਿਆ। ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ ਅਤੇ ਹੋਰ ਸ਼ਾਮਲ ਸਨ।
ਕਾਰਪੋਰੇਸ਼ਨ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਸ਼ਹੀਦੀ ਸਮਾਗਮ ਲਈ ਲਿਜਾਇਆ ਗਿਆ ਹੈ, ਪਰ ਫਿਰ ਵੀ ਅਧਿਕਾਰੀਆਂ ਵੱਲੋਂ ਵੱਧ ਤੋਂ ਵੱਧ ਟਾਈਮ ਚਲਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਗਿਆ ਹੈ ਤਾਂ ਆਮ ਲੋਕਾਂ ਨੂੰ ਸਫ਼ਰ ਲਈ ਖੱਜਲ-ਖੁਆਰੀ ਨਾ ਹੋ ਸਕੇ।
ਪੀਆਰਟੀਸੀ ਬਠਿੰਡਾ ਡਿਪੂ ਦੇ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਠਿੰਡਾ ਡਿਪੂ ’ਚੋਂ 60 ਤੋਂ ਵੱਧ ਬੱਸਾਂ ਨੂੰ ਸ਼ਹੀਦੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲਿਜਾਣ ਲਈ ਲਿਜਾਇਆ ਗਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਵੱਡੀ ਪੱਧਰ ’ਤੇ ਬੱਸਾਂ ਦੇ ਟਾਈਮ ਮਿਸ ਹੋਣ ਕਾਰਨ ਆਮ ਲੋਕਾਂ ਨੂੰ ਅੱਡਿਆਂ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਹੋਣ ਕਾਰਨ ਲੋਕਾਂ ਨੂੰ ਬਾਹਰ-ਅੰਦਰ ਆਉਣ-ਜਾਣ ਦੀ ਵੱਧ ਲੋੜ ਪੈਂਦੀ ਹੈ, ਜਿਸ ਕਰਕੇ ਲੋਕ ਵੱਧ ਪ੍ਰੇਸ਼ਾਨ ਹੁੰਦੇ ਰਹੇ ਹਨ।
ਇਸੇ ਦੌਰਾਨ ਆਪ ਦੇ ਵਿਧਾਇਕ ਬੁੱਧ ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਘਰਾਂ ਦੀ ਬੱਸਾਂ ਨੂੰ ਵਗਾਰ ਵਿੱਚ ਲਿਜਾਣ ਦੀ ਬਜਾਏ, ਸਰਕਾਰੀ ਬੱਸਾਂ ਨੂੰ ਸ਼ਹੀਦਾਂ ਦੀ ਧਰਤੀ ’ਤੇ ਹੋਏ ਸਮਾਗਮ ਵਿੱਚ ਆਮ ਲੋਕਾਂ ਨੂੰ ਸ਼ਾਮਲ ਕਰਵਾਉਣ ਲਈ ਲੈਕੇ ਗਈ ਹੈ ਅਤੇ ਇਨ੍ਹਾਂ ਬੱਸਾਂ ਦੇ ਬਕਾਇਦਾ ਪੀਆਰਟੀਸੀ ਨੂੰ ਸੇਵਾ ਫੇਲ੍ਹ ਦਿੱਤਾ ਜਾਵੇਗਾ।