ਲੋਹੜੀ ਮੇਲਾ: ਮਾਨਸਾ ਵਿੱਚ ਹੋਣਹਾਰ ਧੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਮਾਨਸਾ, 7 ਜਨਵਰੀ
ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਇਥੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ’ਚ ਮੰਚ ਦੇ ਸਾਬਕਾ ਵਿੱਤ ਸਕੱਤਰ ਸਵ: ਕ੍ਰਿਸ਼ਨ ਚੰਦ ਫੱਤਾ ਨੂੰ ਸਮਰਪਿਤ 19ਵਾਂ ਲੋਹੜੀ ਮੇਲਾ ਉਸ ਵੇਲੇ ਯਾਦਗਾਰੀ ਹੋ ਨਿਬੜਿਆ, ਜਦੋਂ ਸ਼ਹਿਰੀਆਂ ਵੱਲੋਂ ਜ਼ਿਲ੍ਹੇ ਦੀਆਂ ਹੋਣਹਾਰ ਧੀਆਂ ਦੇ ਸਨਮਾਨ ’ਚ ਫੁੱਲਾਂ ਦੀ ਵਰਖਾ ਕੀਤੀ ਗਈ। ਵੱਖ-ਵੱਖ ਖੇਤਰਾਂ ’ਚ ਮੋਹਰੀ ਰਹੀਆਂ ਧੀਆਂ ਨੂੰ ਹਾਰ ਪਾ ਕੇ ਫੁੱਲਾਂ ਨਾਲ ਸ਼ਿੰਗਾਰੀਆਂ ਗੱਡੀਆਂ ਅਤੇ ਬੈਂਡ ਦੀਆਂ ਮਨਮੋਹਕ ਧੁੰਨਾਂ ਨਾਲ ਬਾਜ਼ਾਰਾਂ ਵਿਚ ਦੀ ਲਿਜਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਹੋਣਹਾਰ ਧੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਧੀਆਂ ਅੱਜ ਹਰ ਖੇਤਰ ’ਚ ਮੋਹਰੀ ਸਥਾਨ ਹਾਸਲ ਕਰ ਰਹੀਆਂ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਯੋਧਾ ਸਿੰਘ ਮਾਨ ਨੇ ਕਿਹਾ ਕਿ ਮੰਚ ਦਾ ਦੋ ਦਹਾਕਿਆਂ ਪਹਿਲਾਂ ਧੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂਆਤ ਕਰਨਾ ਵਿਲੱਖਣ ਉਪਰਾਲਾ ਹੈ। ਧੀਆਂ ਦੇ ਸਨਮਾਨ ਤੋਂ ਬਾਅਦ ਗਾਇਕ ਬਾਈ ਹਰਦੀਪ, ਮੀਨੂੰ ਸਿੰਘ, ਮਨਪ੍ਰੀਤ ਮਾਹੀ, ਉਧਮ ਆਲਮ, ਰਮਨ ਸੇਖੋਂ, ਰਮਨ ਮੰਗਾਂ, ਹਰਜੀਤ ਜੋਗਾ ਸਣੇ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ। ਸਨਮਾਨ ਹੋਣ ਵਾਲੀਆਂ ਧੀਆਂ ਪ੍ਰਿਯੰਕਾ ਖੀਵਾ ਕਲਾਂ, ਪ੍ਰਿਅੰਕਾ ਰਾਣੀ ਭੀਖੀ, ਬਿੰਦੀਆਂ ਗੋਇਲ, ਗੁਰਨੀਤ ਕੌਰ, ਦੀਯਾ ਗਰਗ, ਸੁਖਨੂਰ, ਵੰਸ਼ਿਕਾ, ਇਸ਼ੀਤਾ ਗੋਇਲ, ਖਿਡਾਰਨ ਮੰਜੂ ਰਾਣੀ, ਪੰਜਵੀਂ, ਅੱਠਵੀਂ, ਦਸਵੀਂ, ਬਾਰ੍ਹਵੀਂ ਜਮਾਤ ’ਚੋਂ ਸੂਬੇ ’ਚੋਂ ਮੋਹਰੀ ਰਹੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ, ਨਵਦੀਪ ਕੌਰ, ਲਵਪ੍ਰੀਤ ਕੌਰ, ਗੁਰਅੰਕਿਤ ਕੌਰ, ਹਰਮਨਦੀਪ ਕੌਰ ਮੰਢਾਲੀ, ਸੁਜਾਨ ਕੌਰ, ਨਿਸ਼ਾਨੇਬਾਜ਼ ਵੀਰਪਾਲ ਕੌਰ ਸਿੱਧੂ ਦੋਦੜਾ, ਨਵਦੀਪ ਕੌਰ ਬੋੜਾਵਾਲ, ਅਮਨਦੀਪ ਕੌਰ ਖੜਕ ਸਿੰਘ ਵਾਲਾ ਅਤੇ ਸਮਾਜ ਸੇਵੀ ਜੀਤ ਦਹੀਆ ਨੂੰ ਵੀ ਸਨਮਾਨਿਤ ਕੀਤਾ ਗਿਆ।