ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਤੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵੱਲੋਂ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 31ਵੇਂ ਦਿਨ ਹੜ੍ਹਾਂ ਅਤੇ ਭਾਰੀ ਮੀਂਹਾਂ ਕਾਰਨ ਜ਼ਿਲ੍ਹੇ ਦੇ ਕਰੀਬ 50 ਪਿੰਡਾਂ ਦੇ ਲੋੜਵੰਦਾਂ ਦੇ ਨੁਕਸਾਨੇ ਘਰਾਂ ਦੀਆਂ ਲਿਸਟਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਸੌਂਪੀਆਂ ਗਈਆਂ। ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਹੜ੍ਹਾਂ ਤੇ ਮੀਂਹਾਂ ’ਚ ਮਜ਼ਦੂਰਾਂ ਦੇ ਨੁਕਸਾਨੇ ਘਰਾਂ ਦੇ ਮੁਆਵਜ਼ੇ ਦਾ ਐਲਾਨ ਮਜ਼ਦੂਰ ਅੰਦੋਲਨ ਦੀ ਅੰਸ਼ਿਕ ਜਿੱਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਬੰਦ ਕੀਤੇ ਮਨਰੇਗਾ ਕੰਮਾਂ ਨੂੰ ਬਹਾਲ ਕਰਵਾਉਣ।ਉਨ੍ਹਾਂ ਕਿਹਾ ਕਿ ਹੜ੍ਹਾਂ ਤੇ ਬਾਰਸ਼ ਕਾਰਨ ਸਭ ਤੋਂ ਵੱਧ ਕਿਸਾਨਾਂ ਦੀ ਫ਼ਸਲ ਤੇ ਮਜ਼ਦੂਰਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਤੇ ਮੀਂਹਾਂ ਕਾਰਨ ਘਰਾਂ ਦੀ ਛੱਤਾਂ ਥੱਲੇ ਮਰੇ ਲੋਕਾਂ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਨਾਂ ’ਤੇ ਇਕੱਠੇ ਹੋਏ ਅਰਬਾਂ ਰੁਪਏ ਜੇਕਰ ਸਰਕਾਰ ਇਮਾਨਦਾਰੀ ਨਾਲ ਵਰਤੇ ਤਾਂ ਸਾਰੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਮਨਰੇਗਾ ਕੰਮਾਂ ਨੂੰ ਬੰਦ ਕਰਕੇ ਮਜ਼ਦੂਰਾਂ ਦੇ ਬੱਚਿਆਂ ਦੇ ਮੂੰਹ ’ਚੋ ਰੋਟੀ ਖੋਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬੰਦ ਕੀਤੇ ਮਨਰੇਗਾ ਕੰਮਾਂ ਦੀ ਬਹਾਲੀ ਤੱਕ ਮਜ਼ਦੂਰਾਂ ਦਾ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ,ਪ੍ਰਦੀਪ ਗੁਰੂ, ਸੁਖਵਿੰਦਰ ਸਿੰਘ ਬੋਹਾ, ਗੁਲਾਬ ਸਿੰਘ ਖੀਵਾ, ਭੋਲ਼ਾ ਸਿੰਘ ਝੱਬਰ, ਬੰਟੀ ਝੱਬਰ,ਮੱਖਣ ਸਿੰਘ ਸਮਾਓ,ਬਿੰਦਰ ਸਿੰਘ,ਪ੍ਰੀਤ ਰਾਣੀ ਮਾਨਸਾ,ਕਿਰਨਾ ਕੌਰ ਖਡਾਲ ਵੀ ਮੌਜੂਦ ਸਨ।
ਵਿਧਾਇਕ ਨੇ ਘਰਾਂ ਲਈ ਚਾਰ ਲੱਖ ਤੋਂ ਵੱਧ ਦੇ ਚੈੱਕ ਦਿੱਤੇ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਅੱਜ ਇਥੇ ਪਿਛਲੇ ਦਿਨੀਂ ਭਾਰੀ ਮੀਂਹਾਂ ਨਾਲ ਡਿੱਗੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ ਲੱਖ 16 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਈ ਭਾਰੀ ਮੀਂਹ ਨਾਲ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਬਣੇ, ਜਿਸ ਕਾਰਨ ਕਈ ਲੋਕਾਂ ਦੇ ਘਰ ਨੁਕਸਾਨੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਮਾਨਸਾ ਦੇ ਵਾਰਡ ਨੰਬਰ-1 ਵਿਖੇ ਮਕਾਨ ਡਿਗਣ ਕਾਰਨ ਮਹਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸਹਾਇਤਾ ਲਈ ਮਹਿੰਦਰ ਸਿੰਘ ਦੇ ਲੜਕੇ ਜੀਵਨ ਸਿੰਘ ਨੂੰ ਚਾਰ ਲੱਖ ਰੁਪਏ ਅਤੇ ਉਸ ਦੀ ਬੇਟੀ, ਜੋ ਕਿ ਇਸ ਹਾਦਸੇ ਵਿਚ ਜ਼ਖਮੀ ਹੋ ਗਈ ਸੀ, ਦੇ ਇਲਾਜ਼ ਲਈ 16 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਇਸ ਮੌਕੇ ਐੱਸ.ਡੀ.ਐੱਮ. ਕਾਲਾ ਰਾਮ ਕਾਂਸਲ, ਡੀਐਸਪੀ ਬੂਟਾ ਸਿੰਘ ਗਿੱਲ, ਸੁਨੀਲ ਕੁਮਾਰ, ਐਡਵੋਕੇਟ ਅਮਨ ਮਿੱਤਲ, ਕੁਲਦੀਪ ਸਿੰਘ ਟੀਟੂ, ਕਿਰਤਪਾਲ ਸਿੰਘ ਕੀਰਤੀ ਵੀ ਮੌਜੂਦ ਸਨ।