ਮਾਲਵਾ ’ਚ ਹਲਕੇ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼
ਜੋਗਿੰਦਰ ਸਿੰਘ ਮਾਨ
ਮਾਨਸਾ, 15 ਮਾਰਚ
ਮਾਲਵਾ ਪੱਟੀ ਵਿੱਚ ਮੌਸਮ ਵਿੱਚ ਬਣੀ ਗਰਮੀ ਨੂੰ ਅੱਜ ਹਲਕੇ ਮੀਂਹ ਨੇ ਬਰੇਕ ਲਾ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਮਾਲਵਾ ਖੇਤਰ ਵਿਚ ਤਾਪਮਾਨ ਵਧਣ ਲੱਗਿਆ ਸੀ ਅਤੇ ਲੋਕ ਗਰਮੀ ਮਹਿਸੂਸ ਕਰਨ ਲੱਗੇ ਸਨ ਪਰ ਰਾਤੀ ਪਏ ਮੀਂਹ ਨੇ ਮੌਸਮ ਫਿਰ ਖੁਸ਼ਗਵਾਰ ਬਣਾ ਦਿੱਤਾ ਹੈ। ਖੇਤੀਬਾੜੀ ਮਹਿਕਮੇ ਅਨੁਸਾਰ ਇਹ ਮੀਂਹ ਫਸਲਾਂ ਲਈ ਬੇਹੱਦ ਲਾਭਦਾਇਕ ਹੈ ਅਤੇ ਇਸ ਨਾਲ ਫਸਲਾਂ ਨੂੰ ਚਿੰਬੜ ਰਹੀਆਂ ਤੇਲੇ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਪਰ ਦੂਜੇ ਪਾਸੇ ਕਿਸਾਨ ਇਸ ਮੀਂਹ ਦੇ ਖੈਰ-ਸੁੱਖ ਨਾਲ ਪੈਣ ਦੀਆਂ ਦੁਆਵਾਂ ਕਰਨ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੀਂਹ ਦੇ ਨਾਲ-ਨਾਲ ਝੱਖੜ ਆ ਗਿਆ ਤਾਂ ਅਗੇਤੀਆਂ ਕਣਕਾਂ ਨੂੰ ਧਰਤੀ ’ਤੇ ਵਿਛਾ ਦੇਵੇਗਾ। ਇਹ ਮੀਂਹ ਮਾਲਵਾ ਖੇਤਰ ਦੇ ਮਾਨਸਾ, ਬਠਿੰਡਾ, ਮੁਕਤਸਰ, ਸੰਗਰੂਰ, ਮੋਗਾ, ਫਾਜ਼ਿਲਕਾ, ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਪਿਆ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਮਾਲਵਾ ਖੇਤਰ ਵਿਚ ਲਗਾਤਾਰ ਦੋ-ਤਿੰਨ ਹਫ਼ਤਿਆਂ ਤੋਂ ਤਾਪਮਾਨ ਵਧਣ ਕਰਕੇ ਬਹੁਤ ਸਾਰੇ ਖੇਤਰਾਂ ’ਚ ਪਿਛੇਤੀਆਂ ਕਣਕਾਂ ਨਿਸਰਨ ਲੱਗੀਆਂ ਸਨ, ਜਿਸ ਨੂੰ ਖੇਤੀ ਮਾਹਿਰਾਂ ਨੇ ਖਤਰੇ ਦੀ ਘੰਟੀ ਕਰਾਰ ਦਿੱਤਾ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਸਾਨਾਂ ਨੂੰ ਕਣਕ ਨੂੰ ਗਰਮੀ ਤੋਂ ਬਚਾਉਣ ਵਾਸਤੇ ਉਸ ਨੂੰ ਲਗਾਤਾਰ ਪਤਲਾ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੱਤੀ ਸੀ, ਪਰ ਹੁਣ ਕੁਦਰਤ ਵੱਲੋਂ ਸੁੱਟੇ ਗਏ ਅੰਬਰੀ ਪਾਣੀ ਨੂੰ ਖੇਤਾਂ ਵਿਚ ਲਹਿਰਾਂ-ਬਹਿਰਾਂ ਲਾ ਦੇਣੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਫਸਲਾਂ ਮੀਂਹ ਤੋਂ ਬਿਨਾਂ ਪਿਚਕੀਆਂ ਪਈਆਂ ਸਨ, ਉਨ੍ਹਾਂ ਉਪਰ ਵਰ੍ਹੇ ਹੁਣ ਨਿਰਮਲ ਪਾਣੀ ਨੇ ਨੂਰ ਲਿਆ ਦੇਣਾ ਹੈ। ਖੇਤੀ ਮਾਹਿਰਾਂ ਨੇ ਅੱਜ ਮਾਲਵਾ ਖੇਤਰ ਦੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਇਨ੍ਹਾਂ ਦਿਨਾਂ ਵਿਚ ਠੰਢ ਦੀ ਜ਼ਿਆਦਾ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਆਦਾ ਤਾਪਮਾਨ ਪਛੇਤੇ ਪੌਦੇ ਦੇ ਫੁਟਾਰੇ ਦੇ ਅਨੁਕੂਲ ਨਹੀਂ ਹੁੰਦਾ ਅਤੇ ਇਸ ਨਾਲ ਕਈ ਬਿਮਾਰੀਆਂ ਵੀ ਬਹੁਤ ਫੈਲਦੀਆਂ ਹਨ, ਪਰ ਹੁਣ ਇਹ ਮੀਂਹ ਫ਼ਸਲਾਂ ਲਈ ਲਾਹੇਵੰਦ ਰਹੇਗਾ।
ਸਿਰਸਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਗੜੇ ਪਏ
ਸਿਰਸਾ (ਪ੍ਰਭੂ ਦਿਆਲ): ਲੰਘੀ ਰਾਤ ਸਿਰਸਾ ਦੇ ਕਈ ਪਿੰਡਾਂ ’ਚ ਗੜੇ ਪੈਣ ਦੀ ਜਾਣਕਾਰੀ ਮਿਲੀ ਹੈ। ਗੜਿਆਂ ਕਾਰਨ ਸਰ੍ਹੋਂ ਤੇ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡਾਂ ’ਚੋਂ ਗੜੇ ਪੈਣ ਦੀ ਰਿਪੋਰਟ ਮੰਗਵਾਈ ਜਾਵੇਗੀ ਅਤੇ ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਜਾਣਕਾਰੀ ਅਨੁਸਾਰ ਰਾਣੀਆਂ, ਓਢਾਂ ਦੇ ਇਲਾਕੇ ਦੇ ਲਗਪਗ 25 ਪਿੰਡਾਂ ਵਿੱਚ ਗੜੇ ਪੈਣ ਨਾਲ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਇਲਾਕੇ ਦੇ ਕਿਸਾਨ ਸੀਤਾਰਾਮ, ਭੀਮਸੇਨ, ਨਰੇਸ਼ ਕੁਮਾਰ, ਗੋਵਿੰਦ, ਜਸਵੀਰ ਸਿੰਘ, ਮਹਿੰਦਰ ਸਿੰਘ, ਸੁਨੀਲ ਕੁਮਾਰ ਨੇ ਦੱਸਿਆ ਕਿ ਕਈ ਪਿੰਡਾਂ ’ਚ ਗੜੇ ਪਏ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਗੜਿਆਂ ਕਾਰਨ ਸਰ੍ਹੋਂ ਤੇ ਕਣਕ ਨੂੰ ਨੁਕਸਾਨ ਪੁੱਜਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨੁਕਸਾਨ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।