ਲਾਈਟ ਐਂਡ ਸਾਊਂਡ ਸ਼ੋਅ: ਗੁਰੂ ਤੇਗ ਬਹਾਦਰ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ
ਬਰਨਾਲਾ ਤੇ ਮੁਕਸਤਰ ਵਿੱਚ ਸਮਾਗਮਾਂ ਦੌਰਾਨ ਸੰਗਤ ਦੀ ਭਰਵੀਂ ਸ਼ਮੂਲੀਅਤ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਗੁਰੂ ਸਾਹਿਬ ਦੇ ਜੀਵਨ, ਲਾਸਾਨੀ ਸ਼ਹਾਦਤ ਅਤੇ ਸਿੱਖਿਆਵਾਂ ’ਤੇ ਆਧਾਰਿਤ ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ‘ਹਿੰਦ ਦੀ ਚਾਦਰ’ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਹੋਏ। ‘ਹਿੰਦ ਦੀ ਚਾਦਰ’ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਦੀ ਲਾਸਾਨੀ ਸ਼ਹਾਦਤ ਨੂੰ ਵਿਲੱਖਣ ਢੰਗ ਨਾਲ ਪੇਸ਼ ਕੀਤਾ ਗਿਆ। ਗਿਆਨੀ ਦਵਿੰਦਰ ਸਿੰਘ ਰਾਣੂੰ ਦੇ ਢਾਡੀ ਜਥੇ ਨੇ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਦੀ ਸ਼ਹਾਦਤ ਦੇ ਪ੍ਰਸੰਗ ਸੁਣਾਏ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਸੇਵਕ ਵਜੋਂ ਵੱਡੇ ਪੱਧਰ ’ਤੇ ਮਨਾ ਰਹੀ ਹੈ। ਇਸੇ ਤਹਿਤ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਡਿਜੀਟਲ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ, ਸਿੱਖ ਇਤਿਹਾਸ ਅਤੇ ਗੁਰੂ ਜੀ ਦੀ ਮਹਾਨ ਸ਼ਹਾਦਤ ਬਾਰੇ ਚਾਨਣਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਥਾਨਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਜਾਣੇ ਹਨ। ਇਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ 20 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਬਰਨਾਲਾ ਹੁੰਦਾ ਹੋਇਆ ਆਨੰਦਪੁਰ ਸਾਹਿਬ ਪੁੱਜੇਗਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ); ਸ੍ਰੀ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ, ਬਾਬਾ ਜੀਵਨ ਸਿੰਘ (ਭਾਈ ਜੈਤਾ) ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸਿੱਖਿਆਵਾਂ ’ਤੇ ਆਧਰਿਤ ਕਰਵਾਏ 45 ਮਿੰਟਾਂ ‘ਲਾਈਟ ਐਂਡ ਸਾਊਂਡ ਸ਼ੋਅ’ ਨੂੰ ਸੰਗਤ ਨੇ ਧਿਆਨ ਨਾਲ ਦੇਖਿਆ। ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਮਹਾਨ ਗੁਰੂਆਂ-ਪੀਰਾਂ, ਪੈਗੰਬਰਾਂ ਅਤੇ ਸੰਤਾਂ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਸਾਨੂੰ ਆਪਣੇ ਰਹਿਬਰਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦਿਆਂ ਆਪਣੇ ਸੂਬੇ ਅਤੇ ਦੇਸ਼ ਦੀ ਬਿਹਤਰੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

