ਨਨਕਾਣਾ ਸਾਹਿਬ ਲਈ ਜਥੇ ਉੱਤੇ ਰੋਕ ਲਾਉਣ ਦਾ ਵਿਰੋਧ
ਸੀਪੀਆਈ (ਐੱਮ ਐੱਲ) ਲਿਬਰੇਸ਼ਨ ਨੇ ਨਵੰਬਰ ਮਹੀਨੇ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਜਾਣ ਦੀ ਇਜਾਜ਼ਤ ਨਾ ਦੇਣ ’ਤੇ ਕੇਂਦਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਰੋਕ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਾਰ ਦਿੱਤਾ ਹੈ। ਲਿਬਰੇਸ਼ਨ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਕਿਹਾ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਵੱਖ-ਵੱਖ ਧਾਰਮਿਕ ਮੌਕਿਆਂ ’ਤੇ ਦਹਾਕਿਆਂ ਤੋਂ ਪਾਕਿਸਤਾਨ ਜਾਂਦੇ ਆ ਰਹੇ ਹਨ, ਪਰ ਅੱਜ ਤੱਕ ਉਥੇ ਉਨ੍ਹਾਂ ਨੂੰ ਕੋਈ ਖਤਰਾ ਹੋਣਾ ਤਾਂ ਦੂਰ ਰਿਹਾ, ਉਲਟਾ ਪਾਕਿ ਸਰਕਾਰ ਤੇ ਜਨਤਾ ਵੱਲੋਂ ਉਨ੍ਹਾਂ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰੀ ਖੇਡ ਰਾਜ ਮੰਤਰੀ ਨਿਖਿਲ ਖੜਸੇ ਦਾ ਇਹ ਬਿਆਨ ਕਿ ਜਥੇ ਨੂੰ ਇਸ ਕਰਕੇ ਰੋਕਿਆ ਗਿਆ ਹੈ ਕਿ ਮੋਦੀ ਸਰਕਾਰ ਸਿੱਖ ਭਰਾਵਾਂ ਨੂੰ ਪਾਕਿਸਤਾਨ ਭੇਜ ਕੇ ਉਨ੍ਹਾਂ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੀ, ਸਿਰੇ ਦੇ ਝੂਠ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਤੋਂ ਇਲਾਵਾ ਹਿੰਦੂ ਤੀਰਥ ਯਾਤਰੀਆਂ ਦੇ ਜਥੇ ਵੀ ਕਟਾਸ ਰਾਜ ਦੇ ਪੁਰਾਤਨ ਮੰਦਰ ਦੀ ਯਾਤਰਾ ਲਈ ਜਾਂਦੇ ਰਹੇ ਹਨ ਪਰ ਉਨ੍ਹਾਂ ਨਾਲ ਉਧਰ ਕਦੇ ਵੀ ਕਿਸੇ ਬਦਸਲੂਕੀ ਦੀ ਸ਼ਿਕਾਇਤ ਸਾਹਮਣੇ ਨਹੀਂ ਆਈ।