ਲਿਬਰੇਸ਼ਨ ਵੱਲੋਂ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ
ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਦੇ ਦਿਨ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਸੰਘ ਦਾ ਗੁਣਗਾਨ ਅਤੇ ਸਾਵਰਕਰ ਨੂੰ ਸਭ ਤੋਂ ਉੱਪਰ ਰੱਖਣਾ ਭਾਰਤ ਦੇ ਸੰਵਿਧਾਨ ਅਤੇ ਸੰਕਲਪ ਦਾ ਅਪਮਾਨ ਦੱਸਿਆ ਹੈ। ਇਸ ਕੌਮੀ ਕੋਤਾਹੀ ਬਦਲੇ ਲਿਬਰੇਸ਼ਨ ਨੇ ਪ੍ਰਧਾਨ ਮੰਤਰੀ ਤੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।
ਲਿਬਰੇਸ਼ਨ ਦੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਕਿਹਾ ਕਿ ਕੋਈ ਵੀ ਸਰਕਾਰ ਜਾਂ ਪ੍ਰਧਾਨ ਮੰਤਰੀ ਦੇਸ਼ ਦੇ ਮਾਲਕ ਨਹੀਂ ਹੁੰਦੇ, ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਸਿਰਫ਼ ਸੰਵਿਧਾਨ ਤੇ ਨਿਯਮਾਂ ਕਾਨੂੰਨਾਂ ਤਹਿਤ ਇਕ ਖ਼ਾਸ ਅਰਸੇ ਤੱਕ ਸਰਕਾਰ ਚਲਾਉਣ ਲਈ ਚੁਣਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸੰਵਿਧਾਨਕ ਸੰਸਥਾਵਾਂ ਵਾਂਗ ਚੋਣ ਕਮਿਸ਼ਨ ਨੂੰ ਵੀ ਆਪਣੀ ਕੱਠਪੁਤਲੀ ਬਣਾ ਕੇ ਅਤੇ ਵੋਟਾਂ ਵਿੱਚ ਕਥਿਤ ਭਾਰੀ ਗੜਬੜ ਤੇ ਹੇਰਾ-ਫੇਰੀਆਂ ਕਰ ਕੇ ਮੁੜ ਚੋਣਾਂ ਜਿੱਤਣ ਵਾਲੀ ਭਾਜਪਾ ਤੇ ਮੋਦੀ-ਸ਼ਾਹ ਖ਼ੁਦ ਨੂੰ ਭਾਰਤ ਦੇ ਖ਼ਾਨਦਾਨੀ ਮਾਲਕ ਸਮਝਣ ਦਾ ਭਰਮ ਪਾਲ ਰਹੇ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿੱਚ ਭਾਜਪਾ ਤੇ ਉਸ ਦੇ ਭਾਈਵਾਲਾਂ ਦੀਆਂ ਫ਼ਿਰਕੂ ਜਾਤੀਵਾਦੀ ਸਾਜ਼ਿਸ਼ਾਂ ਅਤੇ ਵੋਟਾਂ ਵਿੱਚ ਹੇਰਾਫੇਰੀਆਂ ਬਾਰੇ ਜਾਗਰੂਕ ਹੋਣ ਅਤੇ ਭਾਜਪਾ ਨੂੰ ਸੱਤਾ ਤੋਂ ਲਾਹੁਣ ਲਈ ਲਈ ਦੇਸ਼ ਭਰ ਵਿੱਚ ਚੱਲ ਰਹੇ ‘ਵੋਟ ਚੋਰ ਗੱਦੀ ਛੋੜ’ ਅੰਦੋਲਨ ਵਿੱਚ ਸ਼ਾਮਲ ਹੋਣ।