ਲੱਦਾਖ਼ ਆਦਿਵਾਸੀ ਖਿੱਤੇ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਅਤੇ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਰੋਸ ਪ੍ਰਦਰਸ਼ਨ ਦੌਰਾਨ 24 ਸਤੰਬਰ ਨੂੰ ਦੇਸ਼ ਵਿੱਚ ਪੁਲੀਸ ਗੋਲੀ ਨਾਲ ਚਾਰ ਨੌਜਵਾਨਾਂ ਨੂੰ ਕਤਲ ਅਤੇ ਕਰੀਬ 60 ਨੂੰ ਫੱਟੜ ਕਰਨ ਦੀ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਲਿਬਰੇਸ਼ਨ ਪਾਰਟੀ ਨੇ ਇਸ ਗੜਬੜ ਅਤੇ ਟਕਰਾਅ ਲਈ ਸੰਵੇਦਨਹੀਣ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਇਸ ਭੜਕਾਹਟ ਤੇ ਟਕਰਾਅ ਲਈ ਲੱਦਾਖੀ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਕਰਨ, ਸੰਵਿਧਾਨ ਦੀ ਪਾਲਣਾ ਨਾ ਕਰਨ, ਦੇਸ਼ ਦੇ ਫੈਡਰਲ ਢਾਂਚੇ ਨੂੰ ਪੈਰਾਂ ਹੇਠ ਰੋਲਣ ਅਤੇ ਇਸ ਦੁਰੇਡੇ ਆਦਿਵਾਸੀ ਖਿੱਤੇ ਉੱਤੇ ਆਪਣੀ ਸਿਆਸੀ ਜਕੜ ਕਾਇਮ ਕਰਨ ਦੀਆਂ ਬੀਜੇਪੀ ਤੇ ਮੋਦੀ ਸਰਕਾਰ ਦੀਆਂ ਲਾਲਸਾਵਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਮੰਗ ਕੀਤੀ ਕਿ ਉਹ ਲਦਾਖ ਦੇ ਲੋਕਾਂ ਦੀਆਂ ਜਮਹੂਰੀ ਇੱਛਾਵਾਂ ਦਾ ਸਨਮਾਨ ਕਰੇ, ਉਨ੍ਹਾਂ ਨਾਲ ਤੁਰੰਤ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਆਰੰਭ ਕਰੇ ਅਤੇ ਲਦਾਖ਼ ਕਾਰਗਿਲ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੇ ਨਾਲ-ਨਾਲ ਸੂਬੇ ਦਾ ਦਰਜਾ ਬਹਾਲ ਕਰਨ ਨੂੰ ਯਕੀਨੀ ਬਣਾਵੇ।