ਮਾਲਵੇ ’ਚ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ
ਮਾਲਵਾ ਪੱਟੀ ਦੇ ਅਗੇਤੇ ਝੋਨੇ ’ਤੇ ਪੱਟਾ ਲਪੇਟ ਸੁੰਡੀ ਦੇ ਹਮਲੇ ਕਾਰਨ ਕਿਸਾਨ ਚਿੰਤਤ ਹਨ। ਕਿਸਾਨ ਇਸ ਤੋਂ ਬਚਾਅ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਉਧਰ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਪਰੇਆਂ ਸੋਚ-ਸਮਝਕੇ ਕਰਨ ਦੀ ਸਲਾਹ ਦਿੱਤੀ ਹੈ ਅਤੇ ਇਸ ਹਮਲੇ ਨੂੰ ਫਿਲਹਾਲ ਮਾਮੂਲੀ ਮੰਨਿਆ ਹੈ।
ਮਾਲਵੇ ਵਿਚ ਇਸ ਵੇਲੇ ਨਰਮੇ ਉਪਰ ਚਿੱਟੀ ਮੱਖੀ ਸਮੇਤ ਹਰੇ ਤੇਲੇ ਦੇ ਹਮਲਿਆਂ ਲਈ ਧੜਾ-ਧੜ ਸਪਰੇਆਂ ਦਾ ਛਿੜਕਾਅ ਹੋ ਰਿਹਾ ਹੈ। ਕਿਸਾਨਾਂ ਨੇ ਇਸ ਹਮਲੇ ਸਬੰਧੀ, ਜਦੋਂ ਖੇਤੀ ਵਿਭਾਗ ਦੇ ਮਾਹਿਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਹਮਲੇ ਨੂੰ ਮੁੱਢਲੀ ਸਟੇਜ ਉਪਰ ਸਵੀਕਾਰ ਕੀਤਾ ਹੈ। ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਬਿਨਾਂ ਸਪਰੇਆਂ ਤੋਂ ਹੀ ਠੱਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਇੱਕ ਚੰਗਾ ਮੀਂਹ ਝੋਨੇ ਦੀ ਇਸ ਫ਼ਸਲ ਉਪਰ ਪਵੇਗਾ ਤਾਂ ਇਹ ਸੁੰਡੀ ਆਪਣੇ-ਆਪ ਪਾਣੀ ਵਿਚ ਡਿੱਗ ਕੇ ਮਰ ਜਾਵੇਗੀ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਅਗੇਤੇ ਝੋਨੇ ਉਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣ ਕਾਰਨ ਕੀਟਨਾਸ਼ਕ ਦਾ ਸਹਾਰਾ ਲੈਣਾ ਪੈਣ ਲੱਗਿਆ ਹੈ।
ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਟੀਮ ਸਮੇਤ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ‘ਤੇ ਬਿਲਕੁਲ ਹੀ ਨਾ-ਮਾਤਰ। ਉਨ੍ਹਾਂ ਕਿਹਾ ਕਿ ਕਿਸਾਨ ਦਵਾਈ ਵਿਕਰੇਤਾਵਾਂ ਦੇ ਪਿੱਛੇ ਲੱਗਕੇ ਬਿਲਕੁਲ ਸਪਰੇਆਂ ਨਾ ਕਰਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਜੁਲਾਈ ਤੋਂ ਅਕਤੂਬਰ ਤੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਇਸ ਕੀੜੇ ਦਾ ਹਮਲਾ 5 ਪ੍ਰਤੀਸ਼ਤ ਸੁੱਕੀਆਂ ਪੱਤੀਆਂ (ਇਕਨਾਮਿਕ ਥਰੈਸ਼ਹੋਲਡ ਲੈਵਲ) ਤੋਂ ਵਧੇਰੇ ਹੈ, ਉਨ੍ਹਾਂ ਥਾਵਾਂ ਉਤੇ ਸਪਰੇਅ ਦੀ ਜ਼ਰੂਰਤ ਹੈ।