ਇਥੇ ਜ਼ਮੀਨਾਂ ਨੱਪਣ ’ਚ ਸਿਆਸੀ ਤੇ ਰਸੂਖਵਾਨਾਂ ਸਮੇਤ ਭੂ-ਮਾਫ਼ੀਆ ਕਾਫੀ ਸਰਗਰਮ ਹੈ। ਹੁਣ ਨਗਰ ਨਿਗਮ ਦੀ ਮਾਲਕੀ ਵਾਲੀ ਬਹੁ-ਕਰੋੜੀ ਵਪਾਰਕ ਜਾਇਦਾਦ ’ਤੇ ਕਥਿਤ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਇਥੇ ਅੰਮ੍ਰ੍ਰਿਤਸਰ ਰੋਡ ਉੱਤੇ ਨਗਰ ਨਿਗਮ ਵੱਲੋਂ ਦੋ ਰਾਹਾਂ ਵਾਲੇ ਸੈਰਗਾਹ (ਪਾਰਕ) ਦੀ ਕੌਮੀ ਮਾਰਗ ਉੱਤੇ ਲੱਗਦੇ ਫਰੰਟ ਉੱਤੇ ਕਿਸੇ ਸਮੇਂ ਚੂੰਗੀ ਹੁੰਦੀ ਸੀ। ਹੁਣ ਨਗਰ ਨਿਗਮ ਦੀ ਮਾਲਕੀ ਅਤੇ ਚੂੰਗੀ ਵਾਲੀ ਬਹੁ-ਕੀਮਤੀ ਜਗ੍ਹਾ ਦੀ ਮਾਲਕੀ ਨੂੰ ਲੈ ਕੇ ਦੋ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ ਹਨ। ਇਸ ਜਗ੍ਹਾ ਲਈ ਨਗਰ ਨਿਗਮ ਨੇ ਕਰੀਬ 10 ਸਾਲ ਕਾਨੂੰਨੀ ਲੜਾਈ ਲੜੀ ਅਤੇ ਅਦਾਲਤ ਨੇ 7 ਜੁਲਾਈ 2015 ਨੂੰ ਨਿਗਮ ਦੇ ਹੱਕ ਵਿਚ ਫ਼ੈਸਲਾ ਕੀਤਾ ਸੀ ਜਦੋਂਕਿ ਵਿਰੋਧੀ ਧਿਰ ਜਿਨ੍ਹਾਂ ’ਚ ਇੱਕ ਸਾਬਕਾ ਤਹਿਸੀਲਦਾਰ ਅਤੇ ਉਸ ਦੇ ਭਰਾਵਾਂ ਨੇ ਅਦਾਲਤ ਵਿੱਚ ਚਾਰਾਜੋਈ ਕੀਤੀ ਸੀ। ਹੁਣ ਕੁਝ ਦਿਨ ਪਹਿਲਾਂ ਹਾਕਮ ਧਿਰ ਦੇ ਆਗੂਆਂ ਨੇ ਇਸੇ ਜਗ੍ਹਾ ਉੱਤੇ ਮਾਲਕਾਨਾ ਹੱਕ ਜਤਾਉਂਦੇ ਖੋਖਾ ਬਣਾ ਕੇ ਰੱਖ ਦਿੱਤਾ ਹੈ। ਸਾਬਕਾ ਤਹਿਸੀਲਦਾਰ ਅਤੇ ਉਸ ਦੇ ਭਰਾਵਾਂ ਨੇ ਵਿਰੋਧ ਕੀਤਾ ਤਾਂ ਹਾਕਮ ਧਿਰ ਆਗੂ ਨਿਹੰਗ ਸਿੰਘਾਂ ਦੀ ਫ਼ੌਜ ਲੈ ਆਇਆ ਅਤੇ ਹਾਕਮ ਧਿਰ ਦਾ ਆਗੂ ਖੋਖਾ ਰੱਖਣ ਵਿੱਚ ਕਾਮਯਾਬ ਰਿਹਾ। ਨਗਰ ਨਿਗਮ ਵੱਲੋਂ ਆਪਣੀ ਇਹ ਬਹੁ-ਕੀਮਤੀ ਥਾਂ ਨੂੰ ਬਚਾਉਣ ਲਈ ਕਰੀਬ 10 ਸਾਲ ਕਾਨੂੰਨੀ ਲੜਾਈ ਲੜੀ ਹੁਣ ਅਧਿਕਾਰੀ ਖ਼ਾਮੋਸ਼ ਹਨ।
ਇਥੇ ਮੱਲਣ ਸ਼ਾਹ ਰੋਡ ਉੱਤੇ ਨਗਰ ਨਿਗਮ ਦੀ ਤਕਰੀਬਨ ਡੇਢ ਏਕੜ ਤੋਂ ਵੱਧ ਜ਼ਮੀਨ ਉੱਤੇ ਭੂ ਮਾਫ਼ੀਆ ਵੱਲੋਂ ਕਲੋਨੀ ਵਸਾ ਦਿੱਤੀ ਗਈ ਤਾਂ ਨਗਰ ਨਿਗਮ ਵੱਲੋਂ ਨਿਗਮ ਦੀ ਮਾਲਕੀ ਵਾਲਾ ਲਗਾਇਆ ਸਾਈਨ ਬੋਰਡ ਵੀ ਗਾਇਬ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਤੰਤਰ ਦੀ ਬੇਧਿਆਨੀ ਕਾਰਨ ਰੀਗਲ ਸਿਨੇਮਾ ਦਾ ਕੁਝ ਹਿੱੱਸਾ, ਇਤਿਹਾਸਕ ਤੀਆਂ ਵਾਲਾ ਛੱਪੜ, ਅਮ੍ਰਿੰਤਸਰ ਰੋਡ ਸਥਿਤ ਕੇਂਦਰ ਸਰਕਾਰ ਦੀ ਮਾਲਕੀ ਪੁਰਾਣਾ ਪੋਸਟ ਮਾਰਟਮ ਹਾਊਸ ਉਤੇ ਕਬਜ਼ੇ ਹੋ ਗਏ ਹਨ। ਗਿਰਜਾ ਘਰ ਸੰਸਥਾ ਦੇ ਸਕੂਲ ਖੇਡ ਮੈਦਾਨ ਅਤੇ ਕੇਂਦਰ ਸਰਕਾਰ ਦੀ ਮਾਲਕੀ ਵਾਲੇ ਲੁਧਿਆਣਾ ਕੌਮੀਸ਼ਾਹ ਮਾਰਗ ਉੱਤੇ ਬਹੁ ਕਰੋੜੀ ਕਮਰਸ਼ੀਅਲ ਸੰਪਤੀ ਨੂੰ ਲਾਲ ਲਕੀਰ ਅੰਦਰ ਦਰਸਾ ਕੇ ਰਸੂਖਵਾਨਾਂ ਨੇ ਰਜਿਸਟਰੀਆਂ ਵੀ ਕਰਵਾ ਲਈਆਂ ਹਨ ਅਤੇ ਹੁਣ ਤੱਥ ਛੁਪਾਕੇ ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਹੈ। ਸਾਬਕਾ ਤਹਿਸੀਲਦਾਰ ਦੇ ਭਰਾ ਸਤਵੰਤ ਸਿੰਘ ਦਾਨੀ ਨੇ ਸੰਪਰਕ ਕਰਨ ’ਤੇ ਇਸ ਵਿਵਾਦਤ ਜਗ੍ਹਾ ਉੱਤੇ ਹੱਕ ਜਤਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਨੇ ਇਹ ਥਾਂ ਨਗਰ ਨਿਗਮ ਤੋਂ ਕਿਰਾਏ ਉੱਤੇ ਲਈ ਹੋਈ ਹੈ।
ਮਾਮਲੇ ਬਾਰੇ ਜਾਣਕਾਰੀ ਲਵਾਂਗੇ: ਰਮਨ ਕੌਸ਼ਲ
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਰਮਨ ਕੌਸ਼ਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਉਹ ਸਬੰਧਤ ਸ਼ਾਖਾ ਤੋਂ ਜਾਣਕਾਰੀ ਹਾਸਲ ਕਰਕੇ ਹੀ ਕੋਈ ਪੁਖ਼ਤਾ ਜਾਣਕਾਰੀ ਸਾਂਝੀ ਕਰਨਗੇ।
ਇਹ ਥਾਂ ਸਾਡੇ ਪੁਰਖਿਆਂ ਦੀ ਹੈ: ਮਨਦੀਪ ਸਿੰਘ
ਉਧਰ ਹਾਕਮ ਧਿਰ ‘ਆਪ’ ਦੇ ਬੁੱਧੀਜੀਵੀ ਸੈੱਲ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਨੇ ਖੁਦ ਫੋਨ ਕਰਕੇ ਦੱਸਿਆ ਕਿ ਇਹ ਜਗ੍ਹਾ ਉਨ੍ਹਾਂ ਦੇ ਪੁਰਖਿਆਂ ਦੀ ਹੈ ਅਤੇ ਉਹ ਮਾਲ ਰਿਕਾਰਡ ਵਿੱਚ ਮਾਲਕ ਹਨ। ‘ਆਪ’ ਵਪਾਰ ਮੰਡਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਅਜੇ ਸ਼ਰਮਾ ਨੇ ਵੀ ਇਹ ਜਗ੍ਹਾ ਮਨਦੀਪ ਸਿੰਘ ਦੇ ਪੁਰਖਿਆਂ ਦੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਜਗ੍ਹਾ ਵਿੱਚ ਪਾਰਕ ਵੀ ਨਗਰ ਨਿਗਮ ਵੱਲੋਂ ਧੱਕੇ ਨਾਲ ਬਣਾਇਆ ਗਿਆ ਹੈ। ਇਹ ਨਗਰ ਨਿਗਮ ਦੀ ਮਾਲਕੀ ਨਹੀਂ ਹੈ।