ਜ਼ਮੀਨ ਵਿਵਾਦ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੜਕ ਜਾਮ
ਪਿੰਡ ਕਿੱਲਿਆਂਵਾਲੀ ਦੇ ਗੁਰਭੇਜ ਸਿੰਘ ਭਾਟੀ ਵੱਲੋਂ ਜੱਦੀ ਜ਼ਮੀਨ ਦੇ ਵਿਵਾਦ ਕਾਰਨ ਕੀਤੀ ਖੁਦਕੁਸ਼ੀ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਅੱਜ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਕੌਮੀ ਸ਼ਾਹਰਾਹ 9 (ਡੱਬਵਾਲੀ-ਮਲੋਟ ਰੋਡ) ’ਤੇ ਪੁਲੀਸ ਨਾਕੇ ਸਾਹਮਣੇ ਲਗਪਗ ਸਾਢੇ...
ਪਿੰਡ ਕਿੱਲਿਆਂਵਾਲੀ ਦੇ ਗੁਰਭੇਜ ਸਿੰਘ ਭਾਟੀ ਵੱਲੋਂ ਜੱਦੀ ਜ਼ਮੀਨ ਦੇ ਵਿਵਾਦ ਕਾਰਨ ਕੀਤੀ ਖੁਦਕੁਸ਼ੀ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਅੱਜ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਕੌਮੀ ਸ਼ਾਹਰਾਹ 9 (ਡੱਬਵਾਲੀ-ਮਲੋਟ ਰੋਡ) ’ਤੇ ਪੁਲੀਸ ਨਾਕੇ ਸਾਹਮਣੇ ਲਗਪਗ ਸਾਢੇ ਪੰਜ ਘੰਟੇ ਤੱਕ ਧਰਨਾ ਲਗਾ ਕੇ ਸੜਕ ਜਾਮ ਕੀਤੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਨੂੰ ਜਾਣ-ਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ, ਸਗੋਂ ਉਨ੍ਹਾਂ ’ਤੇ ਪੋਸਟਮਾਰਟਮ ਲਈ ਦਬਾਅ ਬਣਾਇਆ ਜਾ ਰਿਹਾ ਹੈ। ਮ੍ਰਿਤਕ ਦੇ ਚਾਚਾ ਸੁਖਮੰਦਰ ਸਿੰਘ ਨੇ ਦੱਸਿਆ ਕਿ ਗੁਰਭੇਜ ਦੀ ਮੌਤ 11 ਅਕਤੂਬਰ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਹੋਈ ਸੀ। ਮੌਤ ਤੋਂ ਪਹਿਲਾਂ ਗੁਰਭੇਜ ਨੇ ਬਿਆਨ ’ਚ ਆਪਣੇ ਤਾਏ ਜਗਰੂਪ ਸਿੰਘ, ਤਾਈ ਪਰਮਜੀਤ ਕੌਰ ਤੇ ਉਨ੍ਹਾਂ ਦੀਆਂ ਧੀਆਂ ਕੁਲਵਿੰਦਰ ਕੌਰ ਤੇ ਬਲਵਿੰਦਰ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਅਤੇ ਉਸ ਦੇ ਤਾਏ ਜਗਰੂਪ ਸਿੰਘ ਵਿਚਕਾਰ ਮੰਡੀ ਕਿੱਲਿਆਂਵਾਲੀ ਵਿੱਚ ਸਥਿਤ ਬੇਸ਼ਕੀਮਤੀ ਜ਼ਮੀਨ ਦੀ ਵੰਡ ਨੂੰ ਲੈ ਕੇ ਤਣਾਅ ਸੀ। ਦੋਸ਼ ਹੈ ਕਿ ਜਗਰੂਪ ਸਿੰਘ ਨੇ ਕਥਿਤ ਤੌਰ ’ਤੇ ਧੋਖੇ ਨਾਲ ਪਿਤਾ ਸੁਰਜੀਤ ਸਿੰਘ ਤੋਂ ਇੱਕ ਏਕੜ ਵੱਧ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ: ਡੀ ਐੱਸ ਪੀ
ਕਰੀਬ ਸਾਢੇ ਤਿੰਨ ਵਜੇ ਡੀਐਸਪੀ ਇਸ਼ਾਨ ਸਿੰਗਲਾ ਧਰਨਾ ਸਥਾਨ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਕੱਲ੍ਹ ਦੁਪਹਿਰ 12 ਵਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਿੰਡ ਵਾਸੀਆਂ ਨੇ ਭਰੋਸਾ ਟੁੱਟਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਤਹਿਤ ਧਰਨਾ ਮੁਲਤਵੀ ਕਰ ਦਿੱਤਾ।