ਜ਼ਮੀਨ ਐਕੁਆਇਰ: ਉਗਰਾਹਾਂ ਜਥੇਬੰਦੀ ਵੱਲੋਂ ਵਿਧਾਇਕ ਦੀ ਰਿਹਾਇਸ਼ ਦੇ ਘਿਰਾਓ ’ਚ ਸ਼ਾਮਲ ਹੋਣ ਦਾ ਐਲਾਨ
ਪੱਤਰ ਪ੍ਰੇਰਕ
ਮਾਨਸਾ, 21 ਜੂਨ
ਅਰਬਨ ਅਸਟੇਟ ਲਈ ਐਕੁਆਇਰ ਕੀਤੀ ਜਾ ਰਹੀ 212 ਏਕੜ ਜ਼ਮੀਨ ਦੇ ਵਿਰੋਧ ਵਿੱਚ ਬਣੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਠੂਠਿਆਂਵਾਲੀ ਵੱਲੋਂ 26 ਜੂਨ ਨੂੰ ਵਿਧਾਇਕ ਵਿਜੈ ਸਿੰਗਲਾ ਦੀ ਰਿਹਾਇਸ਼ ਦੇ ਕੀਤੇ ਰਹੇ ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਕਿਸੇ ਵੀ ਕੀਮਤ ’ਤੇ ਜਬਰੀ ਜ਼ਮੀਨਾਂ ਐਕੁਆਇਰ ਨਹੀਂ ਹੋਣ ਦੇਵੇਗੀ ਤੇ ਜ਼ਮੀਨਾਂ ਬਚਾਉਣ ਖਾਤਰ ਲੜਨ ਵਾਲੇ ਲੋਕਾਂ ਦਾ ਡੱਟ ਕੇ ਸਮਰਥਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬੜੀ ਸੋਚੀ, ਸਮਝੀ ਅਤੇ ਵੱਡੀ ਸਾਜ਼ਿਸ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਰੋਕਣ ਲਈ ਨਿਕਲ ਤੁਰੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ 24000 ਏਕੜ, ਮੁਹਾਲੀ ਵਿੱਚ 6500 ਏਕੜ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਿਤੇ 2000 ਅਤੇ ਕਿਤੇ 1000 ਏਕੜ ਜ਼ਮੀਨਾਂ ਰੋਕਣ ਦਾ ਮੀਡੀਆ ਰਹੀ ਐਲਾਨ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਦੀ 212 ਏਕੜ ਜ਼ਮੀਨ ਕਲੋਨੀਆਂ ਕੱਟਣ ਅਤੇ ਨਵਾਂ ਸ਼ਹਿਰ ਵਸਾਉਣ ਲਈ ਰੋਕਣ ਦਾ ਪੰਜਾਬ ਸਰਕਾਰ ਮਨ ਬਣਾ ਚੁੱਕੀ ਹੈ। ਕਿਸਾਨ ਆਗੂ ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ 212 ਏਕੜ ਜ਼ਮੀਨ ਦੇ ਮਾਲਕ ਕਿਸਾਨ ਥੋੜੀਆਂ ਜ਼ਮੀਨਾਂ ਵਾਲੇ ਹਨ ਇਸੇ ਹੀ ਜ਼ਮੀਨ ਤੋਂ ਖੇਤੀ ਪੈਦਾਵਾਰ ਕਰਕੇ ਆਪਣੇ ਪਰਿਵਾਰਾਂ ਦਾ ਥੋੜ੍ਹਾ-ਬਹੁਤਾ ਗੁਜ਼ਾਰਾ ਕਰ ਰਹੇ ਹਨ, ਬਹੁਤ ਸਾਰੇ ਕਿਸਾਨਾਂ ਦੀਆਂ ਆਪਣੀਆਂ ਜ਼ਮੀਨਾਂ ਵਿੱਚ ਰਿਹਾਇਸ਼ਾਂ ਬਣਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਬਚਾਉਣ ਲਈ ਜ਼ਮੀਨ ਬਚਾਓ ਸੰਘਰਸ਼ ਕਮੇਟੀ ਕਿਸੇ ਵੀ ਸਮੇਂ ਸੰਘਰਸ਼ ਦਾ ਜੋ ਵੀ ਸੱਦਾ ਦੇਵੇਗੀ ਜਥੇਬੰਦੀ ਸ਼ਾਮਲ ਹੋਵੇਗੀ।