DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਸਹੂਲਤਾਂ ਦੀ ਘਾਟ, ਮਰੀਜ਼ ਪ੍ਰੇਸ਼ਾਨ

ਆਈਸੀਯੂ ਦੀ ਇਮਾਰਤ ਨੂੰ ਜਿੰਦਰਾ ਲੱਗਿਆ
  • fb
  • twitter
  • whatsapp
  • whatsapp
featured-img featured-img
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਦਵਾਈਆਂ ਦੇ ਸਟੋਰ ਅੱਗੇ ਲੱਗੀਆਂ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ। -ਫ਼ੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ

ਬਠਿੰਡਾ, 2 ਜੁਲਾਈ

Advertisement

ਬਠਿੰਡਾ ਦੇ ਸ਼ਹੀਦ ਮਨੀ ਸਿੰਘ ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਦਾ ਕਾਫ਼ੀ ਮਾਡ਼ਾ ਹਾਲ ਹੈ। ਇੱਥੇ ਡਾਕਟਰੀ ਅਮਲੇ ਸਮੇਤ ਹੋਰ ਸਹੂਲਤਾਂ ਦੀ ਘਾਟ ਕਾਰਨ ਮਰੀਜ਼ ਬਹੁਤ ਪ੍ਰੇਸ਼ਾਨ ਹਨ। ਜ਼ਿਲ੍ਹੇ ਦਾ ਵੱਡਾ ਹਸਪਤਾਲ ਹੋਣ ਕਾਰਨ ਇੱਥੇ ਹੋਰਨਾਂ ਦਿਨਾਂ ’ਚ ਹਸਪਤਾਲ ਅੰਦਰ ਜਿੱਥੇ ਪਹਿਲਾਂ ਹੀ ਓਪੀਡੀ ਵੱਧ ਰਹਿੰਦੀ ਹੈ। ਉਥੇ ਹੀ ਸੋਮਵਾਰ ਅਤੇ ਮੰਗਲਵਾਰ ਨੂੰ ਮਰੀਜ਼ਾਂ ਦੀ ਗਿਣਤੀ ’ਚ ਹੋਰ ਵੀ ਵਾਧਾ ਦੇਖਣ ਨੂੰ ਮਿਲਦਾ ਹੈ। ਜਾਣਕਾਰੀ ਅਨੁਸਾਰ ਇੱਥੇ ਇਲਾਜ ਲਈ ਆਏ ਮਰੀਜ਼ਾਂ ਦੀਆਂ ਕਤਾਰਾਂ ਇੰਨੀਆਂ ਲੰਮੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਕਈ ਵਾਰ ਤਾਂ ਵਾਰੀ ਨਾ ਆਉਣ ਕਾਰਨ ਇਲਾਜ ਕਰਵਾਏ ਬਿਨਾਂ ਵਾਪਸ ਮੁੜਨਾ ਪੈਂਦਾ ਹੈ। ਜੇਕਰ ਹਸਪਤਾਲ ਦੀ ਓ.ਪੀ.ਡੀ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹ 8 ਤੋਂ 2 ਵਜੇ ਤੱਕ ਦਾ ਹੈ। ਪਰ ਸਵੇਰ 7 ਵਜੇ ਹੀ ਪਰਚੀਆਂ ਕਟਾਉਣ ਲਈ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਹੀ ਹਾਲ ਮੁਫ਼ਤ ਦਵਾਈਆਂ ਵਾਲੀ ਡਿਸਪੈਂਸਰੀ ਦਾ ਹੈ, ਉਥੇ ਲੋਕ ਕਾਫ਼ੀ ਸਮਾਂ ਕਤਾਰਾਂ ਵਿੱਚ ਖਡ਼੍ਹੇ ਰਹਿੰਦੇ ਹਨ। ਬਠਿੰਡਾ ਦੀ ਸ਼ਹਿਰ ਦੀ ਇਕ ਮਹਿਲਾ ਮਰੀਜ਼ ਦਾ ਕਹਿਣਾ ਹੈ ਕਿ ਉਹ ਸਵੇਰੇ ਛੇਤੀ ਆਈ ਸੀ, ਪਹਿਲਾਂ ਲੰਮਾ ਸਮਾਂ ਡਾਕਟਰ ਕੋਲ ਵਾਰੀ ਨਹੀਂ ਆਈ, ਜਦੋਂ ਦਵਾਈ ਲਈ ਲਾਈਨ ਵਿੱਚ ਲੱਗੀ ਤਾਂ ਦਵਾਈ ਨਹੀਂ ਮਿਲੀ ਜਿਸ ਕਾਰਨ ਉਸ ਨੂੰ ਮਹਿੰਗੀ ਭਾਅ ਵਿਚ ਦਵਾਈ ਬਾਹਰ ਤੋਂ ਖ਼ਰੀਦਣ ਲਈ ਮਜਬੂਰ ਹੋਣਾ ਪਿਆ। ਹਸਪਤਾਲ ਅੰਦਰ ਪੀ.ਪੀ ਮੋਡ ਅੰਡਰ ਬਣੀ ਨਿੱਜੀ ਲੈਬਾਰਟਰੀ ਕ੍ਰਿਸ਼ਨਾ ਲੈਬ ਵੀ 11 ਵਜੇ ਹੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਠਿੰਡਾ ਦੇ ਇਕ ਹੋਰ ਮਰੀਜ਼ ਨੇ ਦੱਸਿਆ ਕਿ ਜੇਕਰ ਡਾਕਟਰਾਂ ਵੱਲੋਂ ਕੋਈ ਟੈਸਟ ਵਗੈਰਾ ਲਿਖ ਦਿੱਤਾ ਜਾਂਦਾ ਹੈ ਤਾਂ ਲੈਬ ਵਾਲੇ 11 ਵਜੇ ਹੀ ਸੈਂਪਲਿੰਗ ਬੰਦ ਕਰ ਦਿੰਦੇ ਹਨ। ਇਸ ਤਰ੍ਹਾਂ ਹੀ ਹਸਪਤਾਲ ਅੰਦਰ ਬਰਨ ਵਾਰਡ ਦੀ ਬਿਲਡਿੰਗ ਤਾਂ ਹੈ, ਪਰ ਉਸ ਵਿੱਚ ਡਾਇਲਸਿਸ ਸੈਂਟਰ ਚਲਾਇਆ ਜਾ ਰਿਹਾ ਹੈ। ਐਨ.ਸੀ.ਡੀ ਕਲੀਨਿਕ ਵਿਚ ਆਉਣ ਵਾਲੇ ਕੈਂਸਰ ਦੇ ਮਰੀਜ਼ ਵੀ ਸਹੂਲਤ ਨਾ ਮਿਲਣ ਕਾਰਨ ਮੂੰਹ ਮੋੜ ਗਏ ਹਨ। ਹਸਪਤਾਲ ਕੈਂਪਸ ਵਿਚ ਬਣੇ ਚਿਲਡਰਨ ਅਤੇ ਵਿਮੈੱਨ ਹਸਪਤਾਲ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਇਸ ਦੇ ਜੱਚਾ ਬੱਚਾ ਵਾਰਡ ਅੰਦਰ ਪਖਾਨੇ ਦੀ ਹਾਲਤ ਤਰਸਯੋਗ ਹੈ।

ਆਈਸੀਯੂ ਦੀ ਇਮਾਰਤ ਅਸੁਰੱਖਿਅਤ ਹੋਣ ਕਾਰਨ ਬੰਦ ਕੀਤੀ: ਸਿਵਲ ਸਰਜਨ

ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਉਨ੍ਹਾਂ ਕਿਹਾ ਜਿੱਥੇ ਤੱਕ ਆਈ.ਸੀ.ਯੂ ਦਾ ਸਬੰਧ ਹੈ। ਆਈਸੀਯੂ ਦੀ ਇਮਾਰਤ ਅਸੁਰੱਖਿਅਤ ਹੋਣ ਕਾਰਨ ਇਸ ਨੂੰ ਬੰਦ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਹਸਪਤਾਲ ਵਿਚ ਸਥਾਪਤ ਕ੍ਰਿਸ਼ਨਾ ਲੈਬ ਵੱਲੋਂ ਸੈਂਪਲ ਲੈਣ ਦਾ ਸਮਾਂ 11 ਵਜੇ ਤੱਕ ਰੱਖਣ ਬਾਰੇ ਪੁੱਛਿਆਂ ਤੇ ਉਨ੍ਹਾਂ ਕਿਹਾ ਕਿ ਇਹ ਲੈਬ ਹਸਪਤਾਲ ਦੀ ਨਹੀਂ ਸਿਰਫ਼ ਹਸਪਤਾਲ ਵੱਲੋਂ ਇਸ ਨੂੰ ਜਗ੍ਹਾ ਦਿੱਤੀ ਗਈ ਹੈ। ਡਿਸਪੈਂਸਰੀ ’ਚੋਂ ਅੱਧੀਆਂ ਦਵਾਈਆਂ ਨਾਲ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਡਾਕਟਰੀ ਸਟਾਫ਼ ਵੱਲੋਂ ਦਵਾਈ ਹਸਪਤਾਲ ਅੰਦਰੋਂ ਹੀ ਦੇਣ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਗਿੱਦੜਬਾਹਾ ਦਾ ਸਰਕਾਰੀ ਹਸਪਤਾਲ ਸੇਵਾਵਾਂ ’ਚ ਪੱਛਡ਼ਿਆ: ਰਾਜਾ ਵੜਿੰਗ

ਗਿੱਦੜਬਾਹਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ।
ਗਿੱਦੜਬਾਹਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ।

ਗਿੱਦੜਬਾਹਾ (ਗੁਰਸੇਵਕ ਸਿੰਘ ਪ੍ਰੀਤ): ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਰਾਜ ਸਮੇਂ ਗਿੱਦੜਬਾਹਾ ਦਾ ਸਿਵਲ ਹਸਪਤਾਲ ਸਬ-ਡਿਵੀਜ਼ਨ ਕੈਟਾਗਿਰੀ ਵਿਚ ਪੰਜਾਬ ਦਾ ਨੰਬਰ ਇੱਕ ਹਸਪਤਾਲ ਸੀ, ਜਿਸ ਨੂੰ ਕੇਂਦਰ ਸਰਕਾਰ ਵੱਲੋਂ 15 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਸੀ ਪਰ ਹੁਣ ਬਦਲਾਅ ਵਾਲੀ ਸਰਕਾਰ ਦੇ ਰਾਜ ਵਿੱਚ ਉਕਤ ਹਸਪਤਾਲ ਆਖਰੀ ਨੰਬਰ ‘ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਸਮੇਂ ਸਿਵਲ ਹਸਪਤਾਲ ਗਿੱਦੜਬਾਹਾ ਵਿਚ ਕਰੀਬ ਡੇਢ ਦਰਜਨ ਤੋਂ ਵੱਧ ਡਾਕਟਰ ਮੌਜੂਦ ਸਨ ਅਤੇ ਮੌਜੂਦਾ ਸਮੇਂ ਸਿਰਫ਼ 7-8 ਡਾਕਟਰ ਹੀ ਹਨ ਅਤੇ ਦੁਪਹਿਰ ਤੋਂ ਬਾਅਦ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਸਿਰਫ਼ ਨਰਸਾਂ ਦੇ ਹਵਾਲੇ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਅਜਿਹੇ ਹਲਾਤਾਂ ਕਾਰਨ ਲੋਕ ਪ੍ਰਾਈਵੇਟ ਹਸਪਤਾਲਾਂ ’ਚੋਂ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਗੰਭੀਰ ਮਾਮਲੇ ਤੇ ਤੁਰੰਤ ਧਿਆਨ ਅਤੇ ਹਸਪਤਾਲ ਵਿਖੇ ਡਾਕਟਰਾਂ ਦੀ ਨਿਯੁਕਤੀ ਕਰਨ ਤਾਂ ਜੋ ਲੋਕ ਪ੍ਰਾਈਵੇਟ ਹਸਪਤਾਲ ਦੇ ਮਹਿੰਗੇ ਇਲਾਜ ਤੋਂ ਬਚ ਸਕਣ।

Advertisement
×