ਕੁਲਰੀਆਂ ਜ਼ਮੀਨ ਵਿਵਾਦ: ਕਿਸਾਨਾਂ ਵੱਲੋਂ ਜ਼ਮੀਨ ਦੇ ਮਾਲਕੀ ਹੱਕਾਂ ਲਈ ਬੀਡੀਪੀਓ ਦਫ਼ਤਰ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ
ਬੁਢਲਾਡਾ (ਮਾਨਸਾ), 4 ਜੂਨ
ਪਿੰਡ ਕੁਲਰੀਆਂ ਦੀ ਵਿਵਾਦਤ ਜ਼ਮੀਨ ਦੀ ਰਾਖੀ ਲਈ ਕਾਸ਼ਤਕਾਰਾਂ ਕਿਸਾਨਾਂ ਵੱਲੋਂ ਬੀਡੀਪੀਓ ਦਫ਼ਤਰ ਬੁਢਲਾਡਾ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕੁਲਰੀਆਂ ਵਿੱਚ ਨਿਯੁਕਤ ਕੀਤਾ ਗਿਆ ਰਿਸੀਵਰ ਖ਼ਤਮ ਕੀਤਾ ਜਾਵੇ ਅਤੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਕੀਤੀ ਗਈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਸਾਨਾਂ ਦੀ ਗਿਰਦਾਵਰੀ ਬਹਾਲ ਨਾ ਕੀਤੀ ਅਤੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਪੰਚਾਇਤ ਅਧਿਕਾਰੀਆਂ ਖ਼ਿਲਾਫ਼ ਪੱਕਾ ਮੋਰਚਾ ਅਰੰਭ ਕਰ ਦਿੱਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤ ਮਹਿਕਮੇ ਰਾਹੀਂ ਪਿੰਡ ਕੁਲਰੀਆਂ ਦੀ ਜੁਮਲਾ ਮੁਸਤਰਕਾ ਜ਼ਮੀਨ ਤੋਂ ਦਹਾਕਿਆਂ ਤੋਂ ਕਾਬਜ਼ ਅਤੇ ਕਾਸ਼ਤਕਾਰ ਕਿਸਾਨਾਂ ਨੂੰ ਧੱਕੇ ਨਾਲ ਬੇਦਖ਼ਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਵਿਭਾਗ ਨੇ ਕਾਸ਼ਤ ਕੀਤੀ ਕਣਕ ਦੀ ਕਟਾਈ ਲਈ ਧੱਕੇ ਨਾਲ ਰਿਸੀਵਰ ਨਿਯੁਕਤ ਕਰ ਕੇ ਕਿਸਾਨਾਂ ਤੋ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਪੰਚਾਇਤ ਵਿਕਾਸ ਅਧਿਕਾਰੀ, ਪੰਚਾਇਤ ਅਤੇ ਪਿੰਡ ਵਾਸੀਆਂ ਵਿੱਚ ਖੂਨੀ ਟਕਰਾਅ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਸਬੰਧੀ ਜ਼ਿਲ੍ਹਾਂ ਕੁਲੈਕਟਰ, ਏਡੀਸੀ ਵਿਕਾਸ ਅਤੇ ਸਿਵਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਪ੍ਰੰਤੂ ਕਿਸੇ ਅਦਾਲਤੀ ਫੈਸਲੇ ਨੂੰ ਉਡੀਕੇ ਬਿਨਾਂ ਸਰਕਾਰੀ ਅਧਿਕਾਰੀ ਕਿਸਾਨਾਂ ਨੂੰ ਸਿੱਧੀ ਦਖ਼ਲ ਅੰਦਾਜ਼ੀ ਕਰਕੇ ਜ਼ਮੀਨ ਤੋਂ ਬਾਂਝੇ ਕਰਨ ਲਈ ਬਜ਼ਿੱਦ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਨੇ ਚਿਤਾਵਨੀ ਦਿੱਤੀ ਕਿ ਜੇ ਪੰਚਾਇਤ ਰਾਹੀਂ ਕੋਈ ਬੇਦਖ਼ਲੀ ਸਬੰਧੀ ਐਕਸਨ ਲਿਆ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਕੁਲਰੀਆਂ ਵਿੱਚ ਨਿਯੁਕਤ ਕੀਤਾ ਰਿਸੀਵਰ ਖ਼ਤਮ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਗਿਰਦਾਵਰੀ ਬਹਾਲ ਕੀਤੀ ਜਾਵੇ ਅਤੇ ਜੇ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਚਾਇਤ ਅਧਿਕਾਰੀਆਂ ਖਿਲਾਫ ਪੱਕਾ ਮੋਰਚਾ ਅਰੰਭ ਕਰ ਦਿੱਤਾ ਜਾਵੇਗਾ।
ਇਸ ਮੌਕੇ ਮਹਿੰਦਰ ਸਿੰਘ ਦਿਆਲਪੁਰਾ, ਤਾਰਾ ਚੰਦ ਬਰੇਟਾ, ਦੇਵੀਰਾਮ ਰੰਘੜਿਆਲ, ਦਰਸ਼ਨ ਸਿੰਘ ਗੁਰਨੇ, ਜਗਦੇਵ ਸਿੰਘ ਕੋਟਲੀ, ਬਲਦੇਵ ਸਿੰਘ ਪਿਪਲੀਆ, ਮੇਲਾ ਸਿੰਘ ਦਿਆਲਪੁਰਾ, ਜਗਜੀਵਨ ਸਿੰਘ ਹਸਨਪੁਰ, ਬਲਜੀਤ ਸਿੰਘ ਭੈਣੀ ਬਾਘਾ, ਬਰਿਆਮ ਸਿੰਘ ਤੇ ਸਿਕੰਦਰ ਸਿੰਘ ਖਿਆਲਾ ਤੇ ਹੋਰ ਹਾਜ਼ਰ ਸਨ।