ਕੋਟਕਪੂਰਾ: ਦੋ ਹਫ਼ਤੇ ਬਾਅਦ ਵੀ ਨਾ ਹੋਈ ਬਰਸਾਤੀ ਪਾਣੀ ਦੀ ਨਿਕਾਸੀ
ਸ਼ਹਿਰ ’ਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਵਿੱਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਵਧ ਰਿਹਾ ਹੈ, ਕਿਉਂਕਿ ਪਿਛਲੇ 13 ਦਿਨਾਂ ਤੋਂ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਹੈ। ਜੈਤੋ ਚੁੰਗੀ ਵਾਲੇ ਹਿੱਸੇ ਦਾ ਤਾਂ ਐਨਾ ਮੰਦਾ ਹਾਲ ਹਨ ਕਿ ਉਥੇ 3 ਦਰਜਨ ਦੇ ਕਰੀਬ ਦੁਕਾਨਾਂ ਉਸੇ ਦਿਨ ਦੀਆਂ ਬੰਦ ਪਈਆਂ ਹਨ। ਇਹ ਦੁਕਾਨਦਾਰ ਨਗਰ ਕੌਂਸਲ ਦੇ ਬੁਰੀ ਤਰ੍ਹਾਂ ਫੇਲ੍ਹ ਹੋਏ ਨਿਕਾਸੀ ਸਿਸਟਮ ਨੂੰ ਕੋਸ ਰਹੇ ਹਨ ਅਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਬਰਸਾਤੀ ਪਾਣੀ ਦੀ ਇਸ ਵਾਰੀ ਜ਼ਿਆਦਾ ਸਮੱਸਿਆਵਾ ਜੈਤੋ ਰੋਡ, ਕੌੜਿਆਂ ਵਾਲਾ ਚੌਕ, ਸਰਕਾਰੀ ਸਕੂਲ (ਲੜਕੀਆਂ), ਵਿਸ਼ਵਕਰਮਾ ਧਰਮਸ਼ਾਲਾ, ਸਿੱਖਾਂਵਾਲਾ ਰੋਡ ਅਤੇ ਮੋਗਾ ਰੋਡ ’ਤੇ ਆਈ। ਇਨ੍ਹਾਂ ਵਿਚੋਂ ਬਾਕੀ ਸਥਾਨਾਂ `ਤੇ ਤਾਂ ਕਾਫੀ ਹੱਦ ਤੱਕ ਪਾਣੀ ਦਾ ਨਿਕਾਸੀ ਕੁਝ ਦਿਨਾਂ ਵਿੱਚ ਹੋ ਗਿਆ ਪਰ ਜੈਤੋਂ ਰੋਡ ਅਤੇ ਇਸਦੇ ਪਾਸ ਵਾਲੇ ਇਲਾਕਿਆਂ ਵਿਚੋਂ ਹਾਲੇ ਤੱਕ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋਈ। ਗੁਰਮੀਤ ਸਿੰਘ ਨੇ ਦੱਸਿਆ ਕਿ ਪਾਣੀ ਕਾਰਨ ਕੋਈ ਵੀ ਗਾਹਕ ਇਸ ਖੇਤਰ ਦੀਆਂ ਦੁਕਾਨਾਂ ਵੱਲ ਨਹੀਂ ਆ ਰਿਹਾ ਜਿਸ ਕਰਕੇ ਬਹੁਤੇ ਦੁਕਾਨਦਾਰ ਦੁਕਾਨਾਂ ਬੰਦ ਰੱਖਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੌਂਸਲ ਨੇ ਮੀਟਿੰਗ ਕਰਕੇ 90 ਲੱਖ ਰੁਪਏ ਨਾਲ ਸੀਵਰੇਜ ਸਾਫ ਕਰਨ ਦਾ ਮਤਾ ਪਾਸ ਕੀਤਾ ਹੈ ਜਿਸ ਬਾਰੇ ਜ਼ਿਲ੍ਹਾ ਅਧਿਕਾਰੀਆਂ ਨੇ ਮਨਜ਼ੂਰੀ ਦੇਣੀ ਹੈ, ਜੋ ਜਲਦੀ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਮੇਨ ਹੋਲ ਸਾਫ ਕਰਨ ਵਾਲੀ ਮਸ਼ੀਨ ਉਨ੍ਹਾਂ ਨੇ ਫਰੀਦਕੋਟ ਨਗਰ ਕੌਂਸਲ ਤੋਂ ਲਿਆ ਕੇ ਫਿਲਹਾਲ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਜੰਗੀ ਪੱਧਰ `ਤੇ ਕੰਮ ਸ਼ੁਰੂ ਕਰਨ ਲਈ ਮਨਜੂਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਥੋੜੇ ਸਮੇਂ ਵਿੱਚ ਹੀ ਸੀਵਰੇਜ ਦੀ ਇਹ ਤੀਜੀ ਵਾਰ ਸਫਾਈ ਕਰਵਾਉਣੀ ਪੈ ਰਹੀ ਹੈ।