ਕਿਸਾਨ-ਮਜ਼ਦੂਰ ਮੋਰਚੇ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ
ਮਾਲਵਾ ਖੇਤਰ ਵਿੱਚ ਅੱਜ ਕਿਸਾਨ-ਮਜ਼ਦੂਰ ਮੋਰਚੇ ਅਤੇ ਇਸ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਡੇ ਪੁਤਲੇ ਫੂਕੇ। ਇਹ ਪੁਤਲੇ ਹੜ੍ਹ ਪ੍ਰਭਾਵਤ ਖੇਤਰਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨ ਅਤੇ ਝੋਨੇ ਦਾ 70 ਹਜ਼ਾਰ...
ਮਾਲਵਾ ਖੇਤਰ ਵਿੱਚ ਅੱਜ ਕਿਸਾਨ-ਮਜ਼ਦੂਰ ਮੋਰਚੇ ਅਤੇ ਇਸ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਡੇ ਪੁਤਲੇ ਫੂਕੇ। ਇਹ ਪੁਤਲੇ ਹੜ੍ਹ ਪ੍ਰਭਾਵਤ ਖੇਤਰਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨ ਅਤੇ ਝੋਨੇ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਇਸ ਦਾ 10 ਫ਼ੀਸਦੀ ਖੇਤ ਮਜ਼ਦੂਰਾਂ ਨੂੰ ਦੇਣ ਸਣੇ ਹੋਰ ਮੰਗਾਂ ਸਬੰਧੀ ਸਾੜੇ ਗਏ।
ਮਾਨਸਾ ਨੇੜਲੇ ਪਿੰਡ ਭੈਣੀਬਾਘਾ ਵਿੱਚ ਬੀ ਕੇ ਯੂ (ਏਕਤਾ ਆਜ਼ਾਦ) ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਦਲੇ ਕਿਸਾਨ ਨੂੰ ਸੱਤ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪੁਲੀਸ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲੇ ਅੰਦੋਲਨ ਦੌਰਾਨ ਚੋਰੀ ਹੋਇਆ ਕਿਸਾਨਾਂ ਦਾ ਸਾਮਾਨ ਅਤੇ ਟਰਾਲੀਆਂ ਦੀ ਭਰਪਾਈ ਲਈ ਸਰਕਾਰ ’ਤੇ ਦਬਾਅ ਬਣਾਇਆ ਜਾਵੇਗਾ। ਇਸ ਮੌਕੇ ਰਾਮ ਸਿੰਘ, ਜਗਰੂਪ ਸਿੰਘ, ਸਤਿੰਦਰਪਾਲ ਸਿੰਘ ਠੂਠਿਆਂਵਾਲੀ, ਇੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਰਾਮਪੁਰਾ ਫੂਲ਼ (ਰਮਨਦੀਪ ਸਿੰਘ): ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਅੱਜ ਬੀ ਕੇ ਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਪਿੰਡ ਡਿੱਖ, ਢੱਡੇ, ਬਾਲਿਆਂਵਾਲੀ, ਮਹਿਰਾਜ, ਫੂਲ਼ ਤੇ ਢਿਪਾਲੀ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਆਏ ਹੜ੍ਹਾਂ ਨੇ ਕਿਸਾਨਾਂ ਦਾ ਵੱਡੇ ਪੱਧਰ ਉੱਪਰ ਨੁਕਸਾਨ ਕੀਤਾ ਹੈ। ਪੀੜਤ ਕਿਸਾਨਾਂ ਦੀ ਬਾਂਹ ਆਪਣੇ ਲੋਕਾਂ ਨੇ ਹੀ ਫੜੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸੂਬੇ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰ ਤੇ ਪੰਜਾਬ ਸਰਕਾਰ ਸਿਰਫ਼ ਬਿਆਨ ਦੇ ਰਹੀਆਂ ਹਨ ਪਰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਪਹਿਲਾਂ ਤਾਂ ਹੜ੍ਹਾਂ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਤੇ ਹੁਣ ਸਰਕਾਰਾਂ ਪਰਾਲੀ ਫੂੁਕਣ ਦੇ ਨਾਂ ’ਤੇ ਕੇਸ ਪਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਡਿੱਖ, ਬਲਾਕ ਰਾਮਪੁਰਾ ਪ੍ਰਧਾਨ ਗੁਰਪ੍ਰੀਤ ਢੱਡੇ, ਬਲਾਕ ਫੂਲ਼ ਪ੍ਰਧਾਨ ਗੁਰਪ੍ਰੀਤ ਢਿਪਾਲੀ, ਸ਼ਰਮਾ ਫੂਲ਼, ਬੂਟਾ ਸਿੰਘ ਢਿਪਾਲੀ, ਗੁਰਨਾਮ ਸਿੰਘ ਖਾਲਸਾ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਰੋਧ
ਜ਼ੀਰਾ (ਹਰਮੇਸ਼ ਪਾਲ ਨੀਲੇਵਾਲ): ਇੱਥੇ ਘੰਟਾ ਘਰ ਚੌਕ ਵਿੱਚ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਿਸਾਨ ਆਗੂ ਅਮਨਦੀਪ ਸਿੰਘ ਕੱਚਰਭਨ ਨੇ ਕਿਹਾ ਕਿ ਪਰਾਲੀ ਸਾੜਨ ’ਤੇ ਕਿਸਾਨਾਂ ਖ਼ਿਲਾਫ਼ ਕੇਸ ਅਤੇ ਜੁਰਮਾਨੇ ਕਰਨ ਤੋਂ ਇਲਾਵਾ ਹੜ੍ਹ ਪੀੜਤਾਂ ਦੀ ਢੁੱਕਵੀਂ ਮਦਦ ਨਾ ਕਰਨ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਪੁਤਲੇ ਫੂਕੇ ਗਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਹੱਲ ਲਈ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ 100 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣ ਅਤੇ ਬੇਲਰ ਮੁਹੱਈਆ ਕੀਤੇ ਜਾਣ। ਹੜ੍ਹ ਪ੍ਰਭਾਵਿਤ ਖੇਤਰਾਂ ’ਚ ਝੋਨੇ ਦੀ ਫ਼ਸਲ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ, ਗੰਨੇ ਲਈ ਇੱਕ ਲੱਖ ਪ੍ਰਤੀ ਏਕੜ ਅਤੇ ਹੋਰ ਫ਼ਸਲਾਂ ਲਈ ਪੂਰਨ ਨੁਕਸਾਨ ਦੀ ਪੂਰਤੀ ਤਹਿਤ ਮੁਆਵਜ਼ੇ ਦਿੱਤੇ ਜਾਣ। ਹੜ੍ਹਾਂ ਕਾਰਨ ਨੁਕਸਾਨੇ ਘਰਾਂ, ਪਸ਼ੂਆਂ ਅਤੇ ਜ਼ਮੀਨ ਦੇ ਖੋਰੇ ਦੀ ਪੂਰੀ ਭਰਪਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਰੇਤ ਕੱਢਣ ’ਤੇ ਲਗਾਈ ਗਈ ਸਮਾਂ ਸੀਮਾ ਹਟਾਈ ਜਾਵੇ। ਜ਼ੋਨ ਆਗੂ ਬਲਰਾਜ ਸਿੰਘ ਅਤੇ ਕਿਸਾਨ ਆਗੂ ਸਤਵੀਰ ਕੌਰ ਨੇ ਕਿਹਾ ਕਿ ਬਿਜਲੀ ਦੇ ਨਿੱਜੀਕਰਨ ਖ਼ਿਲਾਫ਼ ਵੱਡੇ ਐਕਸ਼ਨ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਪਰਾਲੀ ਦਾ ਸਾਲਾਨਾ ਪ੍ਰਦੂਸ਼ਣ ਸਿਰਫ਼ ਛੇ ਫ਼ੀਸਦੀ ਹੈ। ਆਗੂਆਂ ਨੇ ਕਿਹਾ ਕਿ ਜੇ ਕਿਸਾਨ ’ਤੇ ਪਰਾਲੀ ਫੂਕਣ ਦੇ ਕੇਸ ਪਾਏ ਗਏ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਸੰਤੂਵਾਲਾ, ਦਲਜੀਤ ਸਿੰਘ, ਐੱਮ ਐੱਸ ਸ਼ੇਰਗਿੱਲ, ਵਰਿੰਦਰ ਸਿੰਘ, ਜਗਸੀਰ ਸਿੰਘ, ਹਰਦੇਵ ਸਿੰਘ, ਮਨਿੰਦਰ ਸਿੰਘ, ਰਾਜਵੀਰ ਸਿੰਘ ਝਤਰਾ ਆਦਿ ਆਗੂ ਹਾਜ਼ਰ ਸਨ।