ਗ਼ਦਰੀ ਗੁਲਾਬ ਕੌਰ ਦੀ ਸ਼ਤਾਬਦੀ ਨੂੰ ਸਮਰਪਿਤ ਰਿਹਾ ਕਿਰਨਜੀਤ ਕੌਰ ਯਾਦਗਾਰੀ ਸਮਾਗਮ
ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਕੌਰ ਦੀ ਯਾਦ ’ਚ 28ਵਾਂ ਯਾਦਗਾਰੀ ਸਮਾਗਮ ਮਹਿਲ ਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ।
ਇਸ ਮੌਕੇ ਮੁੱਖ ਵਕਤਾ ਔਰਤ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਲੇਖਿਕਾ ਤੇ ਚਿੰਤਕ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਮੋਦੀ ਹਕੂਮਤ ਨੇ ਜਾਬਰ ਫ਼ਿਰਕੂ ਫਾਸ਼ੀ ਹੱਲੇ ਤਹਿਤ ਔਰਤਾਂ ਸਮੇਤ ਹਰ ਤਬਕੇ ਨੂੰ ਆਪਣੀ ਮਾਰ ਹੇਠ ਲਿਆਂਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਨਾਬਾਲਗ ਬੱਚੀ ਦੇ ਸਮੂਹਿਕ ਜਬਰ-ਜਨਾਹ ਅਤੇ ਕਤਲ ਤੋਂ ਸ਼ੁਰੂ ਹੋਈ ਲੋਕ ਹੱਕਾਂ ਦੇ ਸਾਂਝੇ ਸੰਘਰਸ਼ ਦੇ ਮੈਦਾਨ ਵਿੱਚ 28 ਸਾਲ ਤੋਂ ਕੁੱਦੀਆਂ ਔਰਤਾਂ ਸੰਗਰਾਮੀ ਮੁਬਾਰਕ ਦੀਆਂ ਹੱਕਦਾਰ ਹਨ। ਔਰਤਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਗਰ ਮੁਲਜ਼ਮਾਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ, ਮੁਲਜ਼ਮ ਪੁਲੀਸ ਅਫ਼ਸਰਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਉਨ੍ਹਾਂ ਦੀ ਪਿੱਠ ’ਤੇ ਖੜੇ ਸਿਆਸਤਦਾਨਾਂ ਨੂੰ ਲੋਕ ਸੱਥਾਂ ਵਿੱਚ ਬੇਪਰਦ ਕਰਨ, ਮਹਿਲ ਕਲਾਂ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਦੀ ਸਜ਼ਾ ਰੱਦ ਕਰਾਉਣਾ ਸੰਭਵ ਹੀ ਨਹੀਂ ਸੀ।
ਜਮਹੂਰੀ ਹੱਕਾਂ ਦੀ ਕਾਰਕੁਨ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਔਰਤਾਂ ਉੱਤੇ ਜਬਰ ਦਾ ਜ਼ਿੰਮੇਵਾਰ ਰਾਜ ਪ੍ਰਬੰਧ ਹੈ। ਇਸ ਪ੍ਰਬੰਧ ਅਧੀਨ ਔਰਤਾਂ ਦੀ ਮੁਕਤੀ ਸੰਭਵ ਵੀ ਨਹੀਂ ਹੈ। ਇਸ ਲਈ ਔਰਤਾਂ ਨੂੰ ਚੇਤੰਨ ਅਗਵਾਈ ਅਧੀਨ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣਾ ਹੋਵੇਗਾ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਗੁੰਡਾ-ਪੁਲੀਸ-ਸਿਆਸੀ-ਅਦਾਲਤੀ ਗੱਠਜੋੜ ਖਿਲਾਫ਼ ਵੱਡੀ ਲੜਾਈ ਜਿੱਤ ਲਈ ਹੈ। ਬੀਕੇਯੂ ਡਕੌਂਦਾ ਦੇ ਪ੍ਰਧਾਨ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਯਾਦਗਾਰ ਕਮੇਟੀ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਅਤੇ ਨਰਾਇਣ ਦੱਤ ਨੇ ਕਿਹਾ ਕਿ ਮੋਦੀ ਅਤੇ ਭਗਵੰਤ ਮਾਨ ਸਰਕਾਰ ਪੇਂਡੂ ਸੱਭਿਆਚਾਰ ਨੂੰ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਵਾਅਦਿਆਂ ਦੀ ਝੜੀ ਲਾ ਕੇ ਸੱਤਾ ਉੱਪਰ ਕਾਬਜ਼ ਹੋਈ ਸੀ ਜਿਸ ਨੇ ਸੱਤਾ ਉੱਤੇ ਕਾਬਜ਼ ਹੁੰਦਿਆਂ ਹੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ ’ਤੇ ਚੱਲਦਿਆਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਪੁਲਸੀਆ ਜਾਬਰ ਹੱਲਾ ਤੇਜ਼ ਕੀਤਾ ਹੋਇਆ ਹੈ।
ਯਾਦਗਾਰ ਕਮੇਟੀ ਵੱਲੋਂ ਕਵਿਤਾ ਕ੍ਰਿਸ਼ਨਨ, ਐਡਵੋਕੇਟ ਅਮਨਦੀਪ ਕੌਰ, ਲੇਖਕ ਜਸਪਾਲ ਮਾਨਖੇੜਾ ਨੂੰ ਸ਼ਾਲ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਭਗਵੰਤ ਸਿੰਘ, ਡਾ. ਕੁਲਵੰਤ ਰਾਏ, ਪ੍ਰੀਤਮ ਦਰਦੀ ਅਤੇ ਮਾ. ਗੁਰਦੇਵ ਸਿੰਘ ਸਹਿਜੜਾ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ।
ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਪ੍ਰਸਿੱਧ ਨਾਟਕ ’ਧਰਤ ਦੀ ਵੰਗਾਰੇ ਤਖ਼ਤ ਨੂੰ’ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ।