ਕਿੱਲੋਮੀਟਰ ਸਕੀਮ: ਮਾਲਵੇ ’ਚ ਦੌੜਨਗੀਆਂ ਪੀਆਰਟੀਸੀ ਦੀਆਂ ਲਾਰੀਆਂ
ਪੱਤਰ ਪ੍ਰੇਰਕ
ਮਾਨਸਾ, 15 ਜੂਨ
ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਮਾਲਵਾ ਖੇਤਰ ਦੇ ਵੱਖ-ਵੱਖ ਰੂਟਾਂ ’ਤੇ ਦੌੜਨ ਲੱਗੀਆਂ ਹਨ। ਇਨ੍ਹਾਂ ਬੱਸਾਂ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਿਲਕੁਲ ਉਸੇ ਤਰ੍ਹਾਂ ਹੀ ਪਾਇਆ ਗਿਆ ਹੈ, ਜਿਵੇਂ ਕਿਸੇ ਵੇਲੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਵੱਲੋਂ ਲਿਆਂਦਾ ਗਿਆ ਸੀ। ਉਨ੍ਹਾਂ ਹਕੂਮਤਾਂ ਵੇਲੇ ਵੀ ਪੀਆਰਟੀਸੀ ਵਿੱਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਅਜਿਹੀਆਂ ਬੱਸਾਂ ਪਾਉਣ ਦਾ ਡੱਟਵਾਂ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਸਮੇਂ ਵੀ ਅਜਿਹੀਆਂ ਬੱਸਾਂ ਪਾਉਣ ਲਈ ਸੰਘਰਸ਼ ਲੜਿਆ ਗਿਆ ਸੀ ਪਰ ਜਥੇਬੰਦੀਆਂ ਨਾਲ ਵਾਅਦਾ ਕਰਨ ਦੇ ਬਾਵਜੂਦ ਅਜਿਹੀਆਂ ਬੱਸਾਂ ਵੱਡੇ ਪੱਧਰ ’ਤੇ ਪਾਇਆ ਗਿਆ ਹੈ।
ਮਿਲੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਪੀਆਰਟੀਸੀ ਦੇ ਬੁਢਲਾਡਾ, ਬਰਨਾਲਾ, ਬਠਿੰਡਾ, ਫ਼ਰੀਦਕੋਟ, ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਚੰਡੀਗੜ੍ਹ ਡਿੱਪੂ ਵਿੱਚ ਅਜਿਹੀਆਂ ਬੱਸਾਂ ਵੱਖ-ਵੱਖ ਰੂਟਾਂ ਉਤੇ ਚਲਾਈਆਂ ਜਾਣ ਲੱਗੀਆਂ ਹਨ। ਇਨ੍ਹਾਂ ਬੱਸਾਂ ਦੀ ਮਾਲਕੀ ਪ੍ਰਾਈਵੇਟ ਲੋਕਾਂ ਦੀ ਹੈ ਅਤੇ ਡਰਾਈਵਰ ਵੀ ਉਨ੍ਹਾਂ ਦਾ ਹੀ ਹੈ ਜਦੋਂ ਕਿ ਬੱਸ ਵੱਲੋਂ ਸਾਰੇ ਦਿਨ ਵਿੱਚ ਕੀਤੀ ਜਾਂਦੀ ਬੱਚਤ ਪੀਆਰਟੀਸੀ ਦੇ ਕੰਡਕਟਰ ਵੱਲੋਂ ਡਿੱਪੂ ਪ੍ਰਬੰਧਕਾਂ ਨੂੰ ਦਿੱਤੀ ਜਾਂਦੀ ਹੈ। ਇਨ੍ਹਾਂ ਬੱਸਾਂ ਲਈ ਤੇਲ ਕਾਰਪੋਰੇਸ਼ਨ ਵੱਲੋਂ ਦਿੱਤਾ ਜਾਂਦਾ ਹੈ ਅਤੇ ਬੱਸ ਦੀ ਟੁੱਟ-ਭੱਜ ਦੀ ਜ਼ਿੰਮੇਵਾਰੀ ਮਾਲਕ ਦੀ ਹੁੰਦੀ ਹੈ। ਪਤਾ ਲੱਗਿਆ ਹੈ ਕਿ ਅਜਿਹੀਆਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਰਾਜ ਦੇ ਵੱਡੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਟੈਂਡਰ ਲੈ ਕੇ ਪਾਈਆਂ ਜਾਂਦੀਆਂ ਹਨ। ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਕਰਮ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਉਪਰ ਕਬਜ਼ਾ ਪੰਜਾਬ ਦੇ ਕੁਝ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਹੀ ਹੈ, ਜੋ ਇਨ੍ਹਾਂ ਬੱਸਾਂ ਦਾ ਲਾਹਾ ਆਪਣੀ ਨਿੱਜੀ ਕੰਪਨੀਆਂ ਲਈ ਵੀ ਅਸਿੱਧੇ ਰੂਪ ਵਿੱਚ ਲਿਆ ਜਾਂਦਾ ਹੈ।
ਪੀਆਰਟੀਸੀ ਬਠਿੰਡਾ ਡਿੱਪੂ ਦੇ ਪ੍ਰਧਾਨ ਰਵਿੰਦਰ ਸਿੰਘ ਬਰਾੜ ਅਤੇ ਸੂਬਾਈ ਆਗੂ ਕੁਲਵੰਤ ਮਨੇਸ਼ ਨੇ ਦੱਸਿਆ ਕਿ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਿੱਚ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦਾ ਬੋਲਬਾਲਾ ਵੱਧ ਦਿਖਣ ਲੱਗਿਆ ਹੈ ਅਤੇ ਤੈਅ ਟੈਂਡਰ ਤੋਂ ਵੱਧ ਕਿਲੋਮੀਟਰ ਕਰਵਾ ਕੇ ਪ੍ਰਾਈਵੇਟ ਮਾਲਕਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ, ਜਿਸ ਨਾਲ ਕਾਰਪੋਰੇਸ਼ਨ ਨੂੰ ਵੱਡੇ ਪੱਧਰ ’ਤੇ ਖੋਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਵਿੱਚ ਨਵੀਆਂ ਸਰਕਾਰੀ ਬੱਸਾਂ ਪਾਉਣ ਦੀ ਥਾਂ ਕਿਲੋਮੀਟਰ ਸਕੀਮ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਜਿਸ ਨਾਲ ਕਾਰਪੋਰੇਸ਼ਨ ਉਪਰ ਵੱਡੇ ਘਰਾਂ ਦਾ ਕਬਜ਼ਾ ਹੋਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੇ ਮੁਨਾਫ਼ੇ ਵਾਲੇ ਟਾਈਮਾਂ ਨੂੰ ਨਹੀਂ ਚਲਾਇਆ ਜਾ ਰਿਹਾ ਅਤੇ ਨਾ ਹੀ ਕਿਲੋਮੀਟਰ ਸਕੀਮ ਦੇ ਕਹਿਰ ਨੂੰ ਰੋਕਿਆ ਜਾ ਰਿਹਾ ਹੈ।