ਕਾਕਾ ਲੋਹਗੜ੍ਹ ਵੱਲੋਂ ਰੂਸ ’ਚ ਫ਼ਸੇ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਅੱਜ ਪਿੰਡ ਚੱਕ ਕੰਨੀਆਂ ਕਲਾਂ ਜਾ ਕੇ ਰੂਸ ਵਿੱਚ ਫ਼ਸੇ ਨੌਜਵਾਨ ਬੂਟਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸ੍ਰੀ ਲੋਹਗੜ੍ਹ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਪਾਰਟੀ ਸਾਰਾ ਮਾਮਲਾ ਵਿਦੇਸ਼ ਮੰਤਰਾਲੇ ਪਾਸ ਉਠਾਏਗੀ। ਜ਼ਿਕਰਯੋਗ ਹੈ ਕਿ ਧਰਮਕੋਟ ਦੇ ਪਿੰਡ ਚੱਕ ਕੰਨੀਆਂ ਕਲਾਂ ਦਾ ਨੌਜਵਾਨ ਬੂਟਾ ਸਿੰਘ ਇੱਕ ਸਾਲ ਪਹਿਲਾਂ ਵਿਦਿਆਰਥੀ ਵੀਜੇ ਉੱਤੇ ਮਾਸਕੋ ਗਿਆ ਸੀ ਜਿੱਥੇ ਫੌਜੀ ਏਜੰਟਾਂ ਵੱਲੋਂ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਉਕਤ ਨੌਜਵਾਨ ਸਮੇਤ ਦਰਜਨ ਤੋਂ ਵੱਧ ਹੋਰ ਪੰਜਾਬੀ ਨੌਜਵਾਨਾਂ ਨੂੰ ਲੰਘੇ ਚਾਰ ਦਿਨਾਂ ਤੋਂ ਫੌਜੀ ਕੈਂਪ ਵਿੱਚ ਰੱਖਿਆ ਹੋਇਆ ਹੈ। ਰੂਸੀ ਫੌਜ ਉਨ੍ਹਾਂ ਨੂੰ ਬਿਨਾਂ ਫੌਜੀ ਟ੍ਰੇਨਿੰਗ ਤੋਂ ਫੌਜੀਆਂ ਨਾਲ ਸਹਾਇਕ ਵਜੋਂ ਯੂਕਰੇਨ ਜੰਗ ਵਿੱਚ ਭੇਜਣ ਦੀ ਤਿਆਰੀ ਵਿੱਚ ਹੈ। ਉਸ ਵੇਲੇ ਤੋਂ ਲੈ ਕੇ ਪਰਿਵਾਰ ਸਦਮੇ ’ਚ ਹੈ ਅਤੇ ਆਪਣੇ ਲੜਕੇ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕਰ ਰਿਹਾ ਹੈ। ਪੰਜਾਬੀ ਟ੍ਰਿਬਿਊਨ ਵਿੱਚ ਇਸ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਹੋ ਜਾਣ ਤੋਂ ਬਾਅਦ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਅੱਜ ਪਰਿਵਾਰ ਨੂੰ ਮਿਲੇ ਅਤੇ ਹਰੇਕ ਸੰਭਵ ਮਦਦ ਦਾ ਭਰੋਸਾ ਦਿੱਤਾ। ਕਾਂਗਰਸ ਆਗੂ ਲੋਹਗੜ੍ਹ ਨੇ ਕਿਹਾ ਕਿ ਉਹ ਪਾਰਟੀ ਮੰਚ ਤੋਂ ਇਹ ਸਾਰਾ ਮਾਮਲਾ ਵਿਦੇਸ਼ ਮੰਤਰਾਲੇ ਤੱਕ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਵੀ ਪੱਤਰ ਭੇਜਿਆ ਜਾ ਰਿਹਾ ਹੈ। ਬੂਟਾ ਸਿੰਘ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਪਾਸ ਕਿਸੇ ਨੇ ਵੀ ਅਜੇ ਤੱਕ ਪਹੁੰਚ ਨਹੀਂ ਕੀਤੀ ਹੈ।