ਜਸਟਿਸ ਨਵਾਬ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਖ਼ੇਤਰ ਦਾ ਦੌਰਾ
ਹਾਈ ਪਾਵਰ ਕਮੇਟੀ ਚੇਅਰਮੈਨ (ਐੱਚਪੀਸੀ) ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੇਵਾਮੁਕਤ ਜਸਟਿਸ ਨਵਾਬ ਸਿੰਘ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਤੇ ਪੀੜਤਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਨਾਲ ਉੱਘੇ ਸਮਾਜ ਸੇਵੀ ਐੱਸਪੀ ਸਿੰਘ ਉਬਰਾਏ, ਐੱਸਐੱਸਪੀ ਅਜੈ ਗਾਂਧੀ, ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਤੇ ਹੋਰ ਅਧਿਕਾਰੀ ਮੌਜੂਦ ਸਨ।
ਪਿੰਡ ਸੰਘੇੜਾ ’ਚ ਜਸਟਿਸ ਨਵਾਬ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਤਾਲਮੇਲ ਬਣਾ ਕੇ ਕੰਮ ਕਰਨ ਲਈ ਆਖਿਆ। ਉਨ੍ਹਾਂ ਪੁਲੀਸ ਤੇ ਹੋਰ ਸਹਾਇਕ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਜ਼ਰੂਰਮੰਦ ਲੋਕਾ ਤੱਕ ਰਾਹਤ ਸਮੱਗਰੀ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਮੁੱਚਾ ਹਰ ਵਰਗ ਉਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਪ੍ਰਸ਼ਾਸਨ ਤੇ ਪੁਲੀਸ ਦੇ ਰਾਹਤ ਕਾਰਜਾਂ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਐੱਸਐੱਸਪੀ ਅਜੈ ਗਾਂਧੀ ਨੂੰ ਥਾਪੀ ਵੀ ਦਿੱਤੀ। ਇਸ ਮੌਕੇ ਉੱਘੇ ਸਮਾਜ ਸੇਵੀ ਐੱਸਪੀ ਸਿੰਘ ਓਬਰਾਏ ਨੇ ਪਿੰਡ ਨੂੰ ਮੱਛਰ ਮਾਰ ਮਸ਼ੀਨਾਂ ਦਿੱਤੀਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ।