ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਗ਼ਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਈ
ਪਰਸ਼ੋਤਮ ਬੱਲੀ ਬਰਨਾਲਾ, 26 ਮਈ ਇੱਥੇ ਤਰਕਸ਼ੀਲ ਚੌਂਕ ਨੇੜਲੇ ਅਜ਼ਾਦ ਨਗਰ ਵਿਖੇ ਬੈਂਕ ਆਫ਼ ਇੰਡੀਆ ਵੱਲੋਂ ਇੱਕ ਗ਼ਰੀਬ ਪ੍ਰੀਵਾਰ ਨਾਲ ਸਬੰਧਤ ਰਵਿੰਦਰ ਕੌਰ ਪਤਨੀ ਜਸਵੀਰ ਸਿੰਘ ਦੇ ਘਰ ਦੀ ਕੁਰਕੀ ਹਿਤ ਅੱਜ ਦਾ ਨੋਟਿਸ ਲਾਇਆ ਗਿਆ ਸੀ। ਜ਼ਿਲ੍ਹੇ ਦੀਆਂ ਕਿਸਾਨ...
Advertisement
ਪਰਸ਼ੋਤਮ ਬੱਲੀ
ਬਰਨਾਲਾ, 26 ਮਈ
Advertisement
ਇੱਥੇ ਤਰਕਸ਼ੀਲ ਚੌਂਕ ਨੇੜਲੇ ਅਜ਼ਾਦ ਨਗਰ ਵਿਖੇ ਬੈਂਕ ਆਫ਼ ਇੰਡੀਆ ਵੱਲੋਂ ਇੱਕ ਗ਼ਰੀਬ ਪ੍ਰੀਵਾਰ ਨਾਲ ਸਬੰਧਤ ਰਵਿੰਦਰ ਕੌਰ ਪਤਨੀ ਜਸਵੀਰ ਸਿੰਘ ਦੇ ਘਰ ਦੀ ਕੁਰਕੀ ਹਿਤ ਅੱਜ ਦਾ ਨੋਟਿਸ ਲਾਇਆ ਗਿਆ ਸੀ। ਜ਼ਿਲ੍ਹੇ ਦੀਆਂ ਕਿਸਾਨ ਮਜ਼ਦੂਰ ਅਤੇ ਹੋਰ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਪੀੜਤਾ ਦੀ ਹਮਾਇਤ ’ਚ ਨਿੱਤਰਦਿਆਂ ਅੱਜ ਘਰ ਦੇ ਗੇਟ ਅੱਗੇ ਕੁਰਕੀ ਰੋਕੂ ਧਰਨਾ ਲਗਾ ਦਿੱਤਾ। ਜਿਸ ਦੀ ਭਿਣਕ ਲੱਗਣ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਕਰਨ ਲਈ ਉਥੇ ਨਹੀਂ ਪਹੁੰਚਿਆ।
ਕੁਰਕੀ ਰੋਕੂ ਧਰਨੇ ਦੀ ਸ਼ੁਰੂਆਤ ਅਜਮੇਰ ਸਿੰਘ ਅਕਲੀਆ ਅਤੇ ਬਲਦੇਵ ਮੰਡੇਰ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ), ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਆਦਿ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ । ਧਰਨਾਕਾਰੀਆਂ ਨੇ ਸਰਕਾਰ ਅਤੇ ਬੈਂਕ ਅਧਿਕਾਰੀਆਂ ਦੇ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।
ਵੱਖ-ਵੱਖ ਜਥੇਬੰਦੀਆਂ ਦੇ ਬੁਲਾਰੇ ਆਗੂਆਂ 'ਚ ਸ਼ਾਮਲ ਡਾ. ਮਨਜੀਤ ਰਾਜ, ਲਾਭ ਸਿੰਘ ਅਕਲੀਆ, ਮੋਹਨ ਸਿੰਘ ਰੂੜੇਕੇ ਕਲਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਵਿੰਦਰ ਕੌਰ ਨੇ 2018 ਵਿੱਚ ਘਰ ਪਾਉਣ ਵਾਸਤੇ ਬੈਂਕ ਆਫ ਇੰਡੀਆ ਤੋਂ 15 ਲੱਖ ਦਾ ਕਰਜ਼ਾ ਲਿਆ ਸੀ। ਰਵਿੰਦਰ ਕੌਰ ਦੀ 2023 ਵਿੱਚ ਮੌਤ ਵੀ ਹੋ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰਾਂ ਤੇ ਬੈਂਕਿੰਗ ਅਦਾਰੇ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਤਾਂ ਚੁੱਪ ਚਪੀਤੇ ਮੁਆਫ਼ ਕਰ ਦਿੰਦੇ ਹਨ ਪਰ ਗ਼ਰੀਬ ਲੋਕਾਂ ਦੇ ਕਰਜ਼ੇ ਬਦਲੇ ਘਰ, ਜ਼ਮੀਨਾਂ ਅਤੇ ਦੁਕਾਨਾਂ ਦੀਆਂ ਕੁਰਕੀਆਂ ਕਰਨ ਦੇ ਨੋਟਿਸ ਲਾਕੇ ਬਾਰ ਬਾਰ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਕਿਸੇ ਗ਼ਰੀਬ ਦੇ ਘਰ, ਦੁਕਾਨ, ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਡੀਐੱਮਐਫ਼ ਆਗੂ ਮਿਲਖਾ ਸਿੰਘ, ਇਨਕਲਾਬੀ ਕੇਂਦਰ ਦੇ ਆਗੂ ਖੁਸ਼ਵਿੰਦਰਪਾਲ ਹੰਡਿਆਇਆ, ਦਰਸ਼ਨ ਸਿੰਘ ਮਹਿਤਾ , ਮਾਨਸਾ ਜ਼ਿਲ੍ਹੇ ਦੇ ਆਗੂ ਰਾਜ ਸਿੰਘ ਅਕਲੀਆ, ਸ਼ਿੰਗਾਰਾ ਸਿੰਘ ਚੌਹਾਨਕੇ ਕਲਾਂ, ਧਰਮ ਸਿੰਘ ਜੱਸਾ ਭੈਣੀ, ਗੁਰਜੰਟ ਸਿੰਘ ਖੁੱਡੀ , ਸੋਮਨਾਥ ਧਨੌਲਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਗੁਰਮੇਲ ਸਿੰਘ ਬਰਨਾਲਾ, ਮੇਵਾ ਸਿੰਘ ਹੰਡਿਆਇਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
Advertisement
Advertisement
×