ਜਨਮ ਅਸ਼ਟਮੀ ਸਬੰਧੀ ਸਿਲਵਰ ਓਕਸ ਸਕੂਲ ’ਚ ਸਮਾਗਮ
ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ।
ਬੱਚੇ ਅੱਜ ਸਵੇਰੇ ਰਾਧਾ-ਕ੍ਰਿਸ਼ਨ ਦੀਆਂ ਪੁਸ਼ਾਕਾਂ ਪਹਿਨ ਕੇ ਸਕੂਲ ਪਹੁੰਚੇ। ਸਮਾਗਮ ਲਈ ਵਧੀਆ ਢੰਗ ਨਾਲ ਸਜਾਏ ਸਕੂਲ ਦੇ ਹਾਲ ਵਿੱਚ ਬੱਚਿਆਂ ਨੇ ਕ੍ਰਿਸ਼ਨ ਅਤੇ ਰਾਧਾ ਦੀ ਸੁੰਦਰ ਝਾਕੀ ਪੇਸ਼ ਕੀਤੀ। ਬੱਚਿਆਂ ਵੱਲੋਂ ਕ੍ਰਿਸ਼ਨ ਲੀਲ੍ਹਾ ਨੂੰ ਦਰਸਾਉਂਦਿਆਂ ਬਹੁਤ ਹੀ ਖ਼ੂਬਸੂਰਤ ਨਾਚ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਸੁਰੀਲੇ ਗੀਤਾਂ ’ਤੇ ਨੱਚਦੇ ਬੱਚਿਆਂ ਨੂੰ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਦਾਦ ਦਿੱਤੀ। ਕੁਮਾਰੀ ਜਸਪ੍ਰੀਤ ਕੌਰ ਨੇ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਕਥਾ ਸੁਣਾਈ ਅਤੇ ਚੰਗਿਆਈ ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਅਤੇ ਬੁਰਾਈ ਨੂੰ ਰੋਕਣ ਲਈ ਜਨਮ ਅਸ਼ਟਮੀ ਦੇ ਸੰਦੇਸ਼ ਨੂੰ ਦਰਸਾਉਂਦੀ ਇੱਕ ਕਵਿਤਾ ‘ਗੋਕੁਲ ਮੇਂ ਜੋ ਕਰੇ ਨਿਵਾਸ’ ਪੇਸ਼ ਕੀਤੀ। ਇਸ ਮੌਕੇ ਬੱਚਿਆਂ ਨੇ ਦਹੀਂ ਹਾਂਡੀ ਦਾ ਵੀ ਆਨੰਦ ਮਾਣਿਆ।
ਸਕੂਲ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਵਿਦਿਆਰਥੀਆਂ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਕ੍ਰਿਸ਼ਨ ਜੀ ਦੇ ਜੀਵਨ ਤੋਂ ਕੁਝ ਨਾ ਕੁੱਝ ਸਿੱਖਦੇ ਰਹਿਣਾ ਚਾਹੀਦਾ ਹੈ।