ਜਮਾਲ ਦੀਆਂ ਢਾਣੀਆਂ ਤਿੰਨ ਦਹਾਕੇ ਤੋਂ ਬਿਜਲੀ ਤੋਂ ਸੱਖਣੀਆਂ
ਹਲਕੇ ਦੇ ਵੱਡੇ ਪਿੰਡ ਜਮਾਲ ਦੀਆਂ ਢਾਣੀਆਂ ਵਿੱਚ ਰਹਿ ਰਹੇ ਲੋਕ ਪਿਛਲੇ 31 ਸਾਲ ਤੋਂ ਬਿਨਾਂ ਬਿਜਲੀ ਤੋਂ ਹੀ ਆਪਣੀ ਜ਼ਿੰਦਗੀ ਜੀਅ ਰਹੇ ਹਨ। ਜਮਾਲ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ’ਤੇ ਮੁਨਸ਼ੀ ਰਾਮ ਕਸਵਾ, ਸੁਨੀਲ ਕਸਵਾ, ਅਮਰ ਸਿੰਘ...
ਹਲਕੇ ਦੇ ਵੱਡੇ ਪਿੰਡ ਜਮਾਲ ਦੀਆਂ ਢਾਣੀਆਂ ਵਿੱਚ ਰਹਿ ਰਹੇ ਲੋਕ ਪਿਛਲੇ 31 ਸਾਲ ਤੋਂ ਬਿਨਾਂ ਬਿਜਲੀ ਤੋਂ ਹੀ ਆਪਣੀ ਜ਼ਿੰਦਗੀ ਜੀਅ ਰਹੇ ਹਨ। ਜਮਾਲ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ’ਤੇ ਮੁਨਸ਼ੀ ਰਾਮ ਕਸਵਾ, ਸੁਨੀਲ ਕਸਵਾ, ਅਮਰ ਸਿੰਘ ਬੈਨੀਵਾਲ, ਰਾਮ ਕਿਸ਼ਨ, ਜੈਵੀਰ, ਰਾਜਿੰਦਰ ਕਸਵਾ, ਦੌਲਤ ਰਾਮ, ਰਜਨੀਸ਼ ਸ਼ਰਮਾ, ਪ੍ਰਕਾਸ਼ ਅਤੇ ਮਦਨ ਬੈਨੀਵਾਲ ਦੀਆਂ ਕਰੀਬ 10 ਢਾਣੀਆਂ ਹਨ, ਜਿੱਥੇ ਸੈਂਕੜੇ ਲੋਕ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਣੇ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਢਾਣੀਆਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਢਾਣੀਆਂ ਬਣੀਆਂ ਨੂੰ ਕਰੀਬ 31 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਉਸ ਸਮੇਂ ਬਿਜਲੀ ਵਿਭਾਗ ਵੱਲੋਂ ਬਿਨਾਂ ਖਰਚੇ ਤੋਂ ਬਿਜਲੀ ਕੁਨੈਕਸ਼ਨ ਦਿੱਤੇ ਜਾਂਦੇ ਸਨ ਪਰ ਹੁਣ ਨਵਾਂ ਕੁਨੈਕਸ਼ਨ ਲੈਣ ਲਈ ਖਪਤਕਾਰ ਨੂੰ ਖੰਭਿਆਂ, ਤਾਰਾਂ ਅਤੇ ਹੋਰ ਉਪਕਰਣਾਂ ਲਈ ਭੁਗਤਾਨ ਕਰਨਾ ਪੈਂਦਾ ਹੈ, ਜਿਸ ਲਈ ਉਹ ਬੇਵੱਸ ਹਨ। ਢਾਣੀਆਂ ਦੇ ਲੋਕ ਕਈ ਵਾਰ ਬਿਜਲੀ ਸਪਲਾਈ ਲਈ ਸਕਿਉਰਿਟੀ ਭਰ ਚੁੱਕੇ ਹਨ ਪਰ ਵਿਭਾਗ ਵੱਲੋਂ ਸਾਰਾ ਖਰਚ ਭਰਨ ਲਈ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਬੱਚੇ ਵੀ ਮੋਮਬੱਤੀਆਂ ਤੇ ਦੀਵੇ ਜਗਾ ਕੇ ਪੜ੍ਹਾਈ ਕਰਨ ਲਈ ਮਜਬੂਰ ਹਨ। ਲੋਕਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਵੱਲੋਂ ਆਪਣੇ ਖਰਚ ’ਤੇ ਉਨ੍ਹਾਂ ਦੀਆਂ ਢਾਣੀਆਂ ਵਿੱਚ ਬਿਜਲੀ ਸਪਲਾਈ ਦਿੱਤੀ ਜਾਵੇ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਵੀ ਅੱਜ ਇਨ੍ਹਾਂ ਢਾਣੀਆਂ ਦਾ ਦੌਰਾ ਕਰਕੇ ਲੋਕਾਂ ਦੀ ਸਮੱਸਿਆ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰੇ।
ਜਦੋਂ ਲੋਕ ਪੈਸੇ ਜਮ੍ਹਾਂ ਕਰਵਾ ਦੇਣਗੇ ਤਾਂ ਕੰਮ ਸ਼ੁਰੂ ਹੋ ਜਾਵੇਗਾ: ਜੇ ਈ
ਜਦੋਂ ਇਸ ਸਬੰਧੀ ਨਾਥੂਸਰੀ ਚੌਪਟਾ ਦੇ ਜੇ ਈ ਹਰੀ ਚੰਦ ਨੇ ਕਿਹਾ ਕਿ ਢਾਣੀਆਂ ਵਿੱਚ ਬਿਜਲੀ ਸਪਲਾਈ ਲਈ 3 ਲੱਖ 85 ਹਜ਼ਾਰ ਦਾ ਐਸਟੀਮੇਟ ਬਣਾਇਆ ਗਿਆ ਸੀ। ਜਦੋਂ ਢਾਣੀਆਂ ਦੇ ਲੋਕ ਵਿਭਾਗ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਦੇਣਗੇ ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।