‘ਖੇਤੀ ਵਿਰਾਸਤ ਮਿਸ਼ਨ ਵੱਲੋਂ ਨਵ ਤ੍ਰਿੰਝਣ ਤਹਿਤ ਇੱਥੇ ਚੱਲ ਰਹੀ ਬੁਣਕਰ ਪਾਠਸ਼ਾਲਾ ’ਚ ਪੇਂਡੂ ਬੀਬੀਆਂ ਵੱਲੋਂ ਬਣਾਏ ਕੱਪੜੇ ਹੁਣ ਕੌਮੀ ਅਤੇ ਕੌਮਾਂਤਰੀ ਮੰਚ ’ਤੇ ਧਮਾਲ ਪਾਉਣਗੇ। ਇਹ ਕੱਪੜਾ ਮਿਸ਼ਨ ਨਾਲ ਜੁੜੇ ਕਿਸਾਨਾਂ ਵੱਲੋਂ ਉਗਾਈ ਜੈਵਿਕ ਕਪਾਹ ਤੋਂ ਤਿਆਰ ਕੀਤਾ ਗਿਆ ਹੈ।’ ਦਿੱਲੀ ਆਧਾਰਿਤ ਮਾਸਟਰ ਟੈਕਸਟਾਈਲ ਡਿਜ਼ਾਈਨਰ ਰਮਾ ਕੁਮਾਰ ਨੇ ਦੱਸਿਆ ਕਿ ਦਸਤਕਾਰ ਨਾਮੀ ਸੰਸਥਾ ਵੱਲੋਂ ਤ੍ਰਿੰਝਣ ਨਾਲ 2024 ਤੋਂ ਇੱਕ ਸਾਂਝਾ ਪ੍ਰੋਗਰਾਮ ਜਾਰੀ ਹੈ। ਦਸਤਕਾਰ ਦੀ ਪ੍ਰਾਜੈਕਟ ਕੋਆਰਡੀਨੇਟਰ ਕੁਲਗੌਰਵੀ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਖੁਲਾਸਾ ਕੀਤਾ ਕਿ ਤ੍ਰਿੰਝਣ ਦੀਆਂ ਬੁਣਕਰਾਂ ਨਾਲ ਕੰਮ ਕਰਨ ਦਾ ਤਜਰਬਾ ਬੇਹੱਦ ਉਤਸ਼ਾਹ ਪੂਰਨ ਰਿਹਾ। ਤ੍ਰਿੰਝਣ ਦੀ ਨਿਰਦੇਸ਼ਕਾ ਰੂਪਸੀ ਗਰਗ ਨੇ ਦੱਸਿਆ ਕਿ ਬੁਣਕਰਾਂ ਦੀ ਭਾਲ ਦਾ ਕਾਰਜ ਕਾਫੀ ਮੁਸ਼ਕਿਲ ਸੀ ਕਿਉਂਕਿ ਜ਼ਿਆਦਾਤਰ ਬੁਣਕਰ ਵਡੇਰੀ ਉਮਰ ਕਾਰਨ ਕੰਮ ਛੱਡ ਚੁੱਕੇ ਸਨ ਅਤੇ ਉਨ੍ਹਾਂ ਦੀ ਨਵੀਂ ਪੀੜ੍ਹੀ ਵੀ ਹੋਰ ਧੰਦੇ ਅਪਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਪਿਛਲੇ ਦੋ ਸਾਲਾਂ ਤੋਂ ਇੱਥੇ ਬੁਣਕਰ ਪਾਠਸ਼ਾਲਾ ਚਲਾ ਰਿਹਾ ਹੈ, ਜਿੱਥੇ 40 ਔਰਤਾਂ ਹੱਥ ਖੱਡੀ ਦਾ ਕੰਮ ਸਿੱਖ ਚੁੱਕੀਆਂ ਹਨ, ਜਿਨ੍ਹਾਂ ’ਚੋਂ ਇਸ ਵੇਲੇ 10 ਬੁਣਕਰਾਂ ਇੱਥੇ ਪੱਕੇ ਤੌਰ ’ਤੇ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੀਬੀਆਂ ਦੇ ਕੰਮ ’ਚ ਨਿਖਾਰ ਲਿਆਉਣ ਲਈ ਅਕਸਰ ਵਰਕਸ਼ਾਪਾਂ ਲਗਵਾਈਆਂ ਜਾਂਦੀਆਂ ਹਨ।
ਟੈਕਟਸਾਈਲ ਡਿਜ਼ਾਈਨਰ ਰਮਾ ਕੁਮਾਰ ਨੇ ਗੁਣਵੱਤਾ ਅਤੇ ਰੰਗਾਂ ਦੀ ਚੋਣ ਆਦਿ ਬਾਰੇ ਬੁਣਕਰਾਂ ਨੂੰ ਬਾਰੀਕੀਆਂ ਸਮਝਾਉਂਦਿਆਂ ਦੱਸਿਆ ਕਿ ਹੁਣ ਉਨ੍ਹਾਂ ਦੇ ਬਣਾਏ ਕੱਪੜਿਆਂ ਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਇਸ ਕੱਪੜੇ ਤੋਂ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ, ਕਵਰ ਅਤੇ ਪਰਦੇ ਆਦਿ ਬਣਾਏ ਗਏ ਹਨ, ਜਿੰਨ੍ਹਾਂ ਨੂੰ ਮਾਹਿਰਾਂ ਵੱਲੋਂ ਭਰਪੂਰ ਸਲਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜੈਤੋ ਦੇ ਤ੍ਰਿੰਝਣ ’ਚ ਹੱਥੀਂ ਕੱਤੇ ਸੂਤ ਦਾ ਬਣਿਆ ਕੱਪੜਾ। ਦਿੱਲੀ ਵਿਖੇ ਦਸਤਕਾਰਾਂ ਵੱਲੋਂ ਲਾਏ ਜਾ ਰਹੇ ਮੇਲੇ ਵਿਚ ਪ੍ਰਦਰਸ਼ਿਤ ਹੋਵੇਗਾ।

