ਜੈਨ ਬਣੇ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ
ਨਗਰ ਨਿਗਮ ਬਠਿੰਡਾ ਵਿੱਚ ਅੱਜ ਹੋਈ ਮੀਟਿੰਗ ਦੌਰਾਨ ਸ਼ਾਮ ਲਾਲ ਜੈਨ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦਾ ਹਾਸਲ ਕੀਤਾ। ਮੀਟਿੰਗ ’ਚ ਕੁੱਲ 42 ਕੌਂਸਲਰ ਹਾਜ਼ਰ ਸਨ। ਇਨ੍ਹਾਂ ਵਿੱਚੋਂ 30 ਕੌਂਸਲਰਾਂ ਨੇ ਸ਼ਾਮ ਲਾਲ ਜੈਨ ਦੇ ਹੱਕ ਵਿੱਚ ਵੋਟਾਂ ਪਾਈਆਂ। ਦੂਜੇ...
ਨਗਰ ਨਿਗਮ ਬਠਿੰਡਾ ਵਿੱਚ ਅੱਜ ਹੋਈ ਮੀਟਿੰਗ ਦੌਰਾਨ ਸ਼ਾਮ ਲਾਲ ਜੈਨ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦਾ ਹਾਸਲ ਕੀਤਾ। ਮੀਟਿੰਗ ’ਚ ਕੁੱਲ 42 ਕੌਂਸਲਰ ਹਾਜ਼ਰ ਸਨ। ਇਨ੍ਹਾਂ ਵਿੱਚੋਂ 30 ਕੌਂਸਲਰਾਂ ਨੇ ਸ਼ਾਮ ਲਾਲ ਜੈਨ ਦੇ ਹੱਕ ਵਿੱਚ ਵੋਟਾਂ ਪਾਈਆਂ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਨੂੰ ਸਿਰਫ਼ 12 ਵੋਟਾਂ ਹੀ ਮਿਲੀਆਂ। ਹਾਲਾਤ ਦੇਖਦਿਆਂ ਹਰਵਿੰਦਰ ਸਿੰਘ ਲੱਡੂ ਨੇ ਆਪਣਾ ਦਾਅਵਾ ਵਾਪਸ ਲੈ ਲਿਆ ਜਿਸ ਤੋਂ ਬਾਅਦ ਸ਼ਾਮ ਲਾਲ ਜੈਨ ਨੂੰ ਸਰਬਸੰਮਤੀ ਨਾਲ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ। ਚੇਤੇ ਰਹੇ ਕਿ ਮਈ ਮਹੀਨੇ ਦੌਰਾਨ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੂੰ ਅਹੁਦੇ ਤੋਂ ਉਤਾਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਹੋਈ ਇਸ ਚੋਣ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਮਰੱਥਕ ਕੌਂਸਲਰ ਗ਼ੈਰ ਹਾਜ਼ਰ ਰਹੇ। ਇਸ ਚੋਣ ’ਚ ਮਨਪ੍ਰੀਤ ਬਾਦਲ ਧੜੇ ਦੇ ਕੌਂਸਲਰਾਂ ਨੇ ਮਹਿਤਾ ਗਰੁੱਪ ਦੇ ਹੱਕ ਵਿੱਚ ਵੋਟਾਂ ਪਾਈਆਂ। ਦੂਜੇ ਪਾਸੇ ਅਕਾਲੀ ਦਲ ਦੇ ਕੌਂਸਲਰ ਵੀ ਘਿਓ-ਖਿਚੜੀ ਨਜ਼ਰ ਆਏ। 50 ਕੌਂਸਲਰਾਂ ਵਿੱਚੋਂ ਅੱਠ ਗੈਰਹਾਜ਼ਰ ਰਹੇ।
ਚੋਣ ਏ ਡੀ ਸੀ ਪੂਨਮ ਸਿੰਘ ਦੀ ਨਿਗਰਾਨੀ ਹੇਠ, ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਅਤੇ ਕਮਿਸ਼ਨਰ ਮੈਡਮ ਕੰਚਨ ਦੀ ਮੌਜੂਦਗੀ ਵਿੱਚ ਹੋਈ। ਇਸ ਮੌਕੇ ਨਗਰ ਨਿਗਮ ਦੇ ਐੱਫ ਐਂਡ ਸੀ ਸੀ ਮੈਂਬਰ ਕੌਂਸਲਰ ਰਤਨ ਰਾਹੀ ਨੇ ਮੇਅਰ ਸ੍ਰੀ ਮਹਿਤਾ ਦੇ ਸਲਾਹਕਾਰ, ਕੌਂਸਲਰ ਸ਼ਾਮ ਲਾਲ ਜੈਨ ਦਾ ਨਾਮ ਪ੍ਰਸਤਾਵਿਤ ਕੀਤਾ ਜਿਸ ਦੀ ਤਾਈਦ ਐੱਫ ਐਂਡ ਸੀ ਸੀ ਮੈਂਬਰ ਕੌਂਸਲਰ ਉਮੇਸ਼ ਗਰਗ ਗੋਗੀ ਨੇ ਕੀਤੀ।
ਕਾਂਗਰਸ ਵੱਲੋਂ ਕੌਂਸਲਰ ਮਾਸਟਰ ਹਰਮੰਦਰ ਸਿੰਘ ਨੇ ਕੌਂਸਲਰ ਹਰਵਿੰਦਰ ਸਿੰਘ ਲੱਡੂ ਦਾ ਨਾਮ ਪ੍ਰਸਤਾਵਿਤ ਕੀਤਾ। ਇਸ ਦੀ ਤਾਈਦ ਕੌਂਸਲਰ ਅਸ਼ੋਕ ਪ੍ਰਧਾਨ ਨੇ ਕੀਤੀ।

