ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਤੋਂ ਨਾਰਾਜ਼ ਹਨ, ਇਸ ਦਾ ਸਬਕ ਲੋਕ ਵੋਟਾਂ ਦੇ ਰੂਪ ਵਿੱਚ ਸੱਤਾਧਿਰ ਨੂੰ ਸਿਖਾਉਣਗੇ। ਸਾਬਕਾ ਮੰਤਰੀ ਢੀਂਡਸਾ ਨੇ ਪਿੰਡ ਚੁਹਾਣਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਮਰਥਨ ਨਾਲ ਜ਼ੋਨ ਠੀਕਰੀਵਾਲਾ ਤੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੇ ਮੈਨੇਜਰ ਮਹਿੰਦਰ ਸਿੰਘ ਚੁਹਾਣਕੇ ਦੇ ਹੱਕ ਵਿੱਚ ਚੋਣ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦਾ ਪ੍ਰਬੰਧ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਦਿੱਲੀ ਵਾਲੇ ਸਾਥੀ ਚਲਾ ਰਹੇ ਹਨ, ਜੋ ਸੂਬੇ ਲਈ ਖ਼ਤਰਨਾਕ ਹੈ।
ਸੁਖਬੀਰ ਸਿੰਘ ਬਾਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਥਕ ਗ਼ਲਤੀਆਂ ਕਰਨ ਤੋਂ ਬਾਅਦ ਵੀ ਉਹ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹਨ। ਸ੍ਰੀ ਢੀਂਡਸਾ ਨੇ ਕਿਹਾ ਕਿ ਅੱਜ ਸਾਰਾ ਪੰਥ ਚਾਹੁੰਦਾ ਹੈ ਕਿ ਦੋ ਦਸੰਬਰ ਦੇ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਮੰਨ ਕੇ ਪੰਥਕ ਏਕਤਾ ਮੁੜ ਸਥਾਪਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਰਾਜ ਪ੍ਰਬੰਧ ਚਲਾਉਣ ਵਾਲੀਆਂ ਤਾਕਤਾਂ ਨੂੰ ਰੋਕਣ ਲਈ ਪੰਜਾਬ ਨੂੰ ਸਮਰਪਿਤ ਪੰਥਕ ਧਿਰਾਂ ਦੀ ਇਕਜੁੱਟਤਾ ਜ਼ਰੂਰੀ ਹੈ।
ਇੱਥੇ ਪੰਥਕ ਉਮੀਦਵਾਰ ਮਹਿੰਦਰ ਚੁਹਾਣਕੇ ਦੀ ਚੋਣ ਮੁਹਿੰਮ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਵੀ ਵੱਡਾ ਹੁਲਾਰਾ ਮਿਲ ਰਿਹਾ ਹੈ। ਇਸ ਇਕੱਠ ਵਿੱਚ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਚੋਣ ਲੜ ਰਹੇ ਮਹਿੰਦਰ ਸਿੰਘ ਚੌਹਾਨਕੇ ਤੇ ਬਲਾਕ ਸਮਿਤੀ ਉਮੀਦਵਾਰਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਆ ਗਿਆ। ਸ੍ਰੀ ਢੀਂਡਸਾ ਨੇ ਕਿਹਾ ਕਿ ਮਹਿੰਦਰ ਚੌਹਾਣਕੇ ਪੰਥਕ ਨੂੰ ਸਮਰਪਿਤ ਵਿਅਕਤੀ ਹਨ।

