ਬਾਬਾ ਫ਼ਰੀਦ ਗਰੁੱਪ ’ਚ ਕੌਮਾਂਤਰੀ ਮੇਲੇ ਦਾ ਆਗਾਜ਼
ਮਨੋਜ ਸ਼ਰਮਾ
ਬਠਿੰਡਾ, 22 ਫਰਵਰੀ
ਵਿਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਅੱਜ 10ਵੇਂ ਦੋ ਰੋਜ਼ਾ ਕੌਮਾਂਤਰੀ ਮੇਲੇ ‘ਵਿਬਗਿਓਰ-25’ ਦੀ ਸ਼ੁਰੂਆਤ ਹੋਈ। ਇਹ ਮੇਲਾ ‘ਕਮਲ ਡਰੈਸਰਜ਼’ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪਹਿਲੇ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨਾਲ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ, ਸੀਨੀਅਰ ਆਗੂ ਚੁਸਪਿੰਦਰ ਬੀਰ ਸਿੰਘ ਚਾਹਲ, ਨੀਲ ਗਰਗ ਬੁਲਾਰਾ (ਪੰਜਾਬ) ਅਤੇ ਐੱਸਡੀਐੱਮ ਬਠਿੰਡਾ ਬਲਕਰਨ ਸਿੰਘ ਮਾਹਲ ਵੀ ਮੌਜੂਦ ਸਨ। ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਮੈਨੇਜਮੈਂਟ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਗਿਆਨ ਪ੍ਰਦਾਨ ਕਰਨਾ ਹੈ। ਸਮਾਗਮ ਦੌਰਾਨ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆਂ ਨੇ ਅਦਾਰੇ ਦੇ ਵਿਦਿਅਕ ਪੱਧਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਇੱਕ ਵਿਲੱਖਣ ਵਿਦਿਅਕ ਕੇਂਦਰ ਬਣ ਚੁੱਕੀ ਹੈ, ਜਿਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਯੂਨੀਵਰਸਿਟੀ ਦਾ ਦਰਜਾ ਦਿਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਮੇਲੇ ਦੇ ਮੁੱਖ ਮੰਚ ’ਤੇ ‘ਮਿਸਟਰ ਵਿਬਗਿਓਰ’ ਅਤੇ ‘ਮਿਸ ਵਿਬਗਿਓਰ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅਰੁਣ ਕੁਮਾਰ ਨੂੰ ਮਿਸਟਰ ਵਿਬਗਿਓਰ ਅਤੇ ਰਿਮਾਂਸ਼ੂ ਨੂੰ ਮਿਸ ਵਿਬਗਿਓਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਜੇਤੂਆਂ ਨੂੰ 21,000 ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੇ ਅੰਤ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਨੇ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਮੇਲੇ ਵਿੱਚ ‘ਇੰਡੀਆ ਏਅਰ ਫੋਰਸ’ ਵੱਲੋਂ ਲਾਈ ਗਈ ਵਿਸ਼ੇਸ਼ ਪ੍ਰਦਰਸ਼ਨੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਜ਼ਿਕਰਯੋਗ ਹੈ ਕਿ ਭਲਕੇ 23 ਫਰਵਰੀ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
‘ਵਿਬਗਿਓਰ-25’ ਦੇ ‘ਗਲੋਬਲ ਵਿਲੇਜ’ ਵਿੱਚ ਸੀਰੀਆ, ਦੱਖਣੀ ਸੁਡਾਨ, ਸੁਡਾਨ, ਯੁਗਾਂਡਾ, ਇਥੋਪੀਆ, ਜ਼ਿੰਬਾਬਵੇ, ਯਮਨ, ਨੇਪਾਲ ਅਤੇ ਬੰਗਲਾ ਦੇਸ਼ ਦੇ ਡੈਲੀਗੇਟਾਂ ਨੇ ਆਪਣੇ-ਆਪਣੇ ਦੇਸ਼ਾਂ ਦੇ ਰੰਗ-ਤਰੰਗ ਪੇਸ਼ ਕਰਕੇ ਦਰਸ਼ਕਾਂ ਨੂੰ ਮੁਗਧ ਕਰ ਦਿੱਤਾ।