ਉਦਯੋਗਪਤੀ ਜਿੰਦਲ ਭਰਾਵਾਂ ਨੇ ‘ਤੱਕੜੀ’ ਛੱਡ ‘ਝਾੜੂ’ ਚੁੱਕਿਆ
‘ਜਿੰਦਲ ਬ੍ਰਦਰਜ਼’ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ‘ਝਾੜੂ’ ਚੁੱਕ ਲਿਆ। ਇਹ ਉਦਯੋਗਪਤੀ ਭਰਾ ਲੰਮੇ ਅਰਸੇ ਤੋਂ ਅਕਾਲੀ ਸਨ। ਜਿੰਦਲ ਭਰਾਵਾਂ ਦੀ ਸਥਾਨਕ ਕਲੋਨੀ ‘ਜਿੰਦਲ ਐਨਕਲੇਵ’ ਵਿੱਚ ਹੋਏ ਸਮਾਗਮ ਦੌਰਾਨ ਆਪ ਵਿਧਾਇਕ ਅਮੋਲਕ ਸਿੰਘ ਨੇ ਰਸਮੀ ਤੌਰ ’ਤੇ ਜਿੰਦਲ ਪਰਿਵਾਰਾਂ ਅਤੇ ਉਨ੍ਹਾਂ ਦੇ ਸਮਰਥਕ ਕਲੋਨੀ ’ਚ ਵਸਦੇ ਦਰਜਨਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਸੱਤ ਪਾਲ ਜਿੰਦਲ, ਭੀਮ ਸੈਨ ਜਿੰਦਲ ਅਤੇ ਪ੍ਰਵੀਨ ਜਿੰਦਲ ਨੇ ਕਿਹਾ ਕੱਲ੍ਹ ਤੱਕ ਇਹ ਕਲੋਨੀ ਅਕਾਲੀ ਦਲ ਦਾ ਗੜ੍ਹ ਸੀ ਪਰ ਵਿਧਾਇਕ ਅਮੋਲਕ ਸਿੰਘ ਵੱਲੋਂ ਸ਼ਹਿਰ ਵਿੱਚ ਕੀਤੇ ਚੰਗੇ ਕੰਮਾਂ ਦੀ ਬਦੌਲਤ ਇਸ ਗੜ੍ਹ ਨੂੰ ਅੱਜ ਤਕੜੀ ਸੰਨ੍ਹ ਲੱਗ ਗਈ ਹੈ। ਨਗਰ ਕੌਂਸਲ ਪ੍ਰਧਾਨ ਡਾ. ਹਰੀਸ਼ ਚੰਦਰ ਨੇ ਮਜ਼ਾਹੀਆ ਲਹਿਜ਼ੇ ’ਚ ਕਿਹਾ ਕਿ ਲੋਕ ਕਹਿੰਦੇ ਸਨ ਕਿ ‘ਸ਼ਹਿਰੀ ਅਕਾਲੀ ਦਲ ਜੈਤੋ ਦੀ ਜਿੰਦਲ ਕਲੋਨੀ ’ਚ ਵਸਦਾ ਹੈ, ਪਰ ਅੱਜ ਭਾਂਡਾ ਬਿਲਕੁਲ ਮੂਧਾ ਵੱਜ ਕੇ ਸਥਿਤੀ ਉਲਟ ਹੋ ਚੁੱਕੀ ਹੈ। ਰਮੇਸ਼ ਵਰਮਾ, ਪ੍ਰਵੀਨ ਜਿੰਦਲ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਅਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਨੇ ਅੱਜ ਦੀ ਘਟਨਾ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਵਿਧਾਇਕ ਅਮੋਲਕ ਸਿੰਘ ਵੱਲੋਂ ਲਗਾਤਾਰ ਕੀਤੀ ਜਾ ਰਹੀ ਸ਼ਹਿਰ ਦੀ ਕਾਇਆ ਕਲਪ ਨੇ ਹੋਰ ਪਾਰਟੀਆਂ ਤਰਫ਼ ਝੁਕੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਵੱਲ ਝੁਕਣ ਲਈ ਮਜਬੂਰ ਕਰ ਦਿੱਤਾ ਹੈ।
ਅਮੋਲਕ ਸਿੰਘ ਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਬਣਦਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ‘ਹਲਕੇ ’ਚ ਕੀਤੇ ਕੰਮਾਂ ਬਾਰੇ ਮੈਂ ਖੁਦ ਕਦੇ ਜ਼ਿਕਰ ਨਹੀਂ ਕੀਤਾ, ਕੀਤੇ ਕੰਮ ਖੁਦ ਬੋਲਦੇ ਹਨ’। ਉਨ੍ਹਾਂ ਖੁਲਾਸਾ ਕੀਤਾ ਕਿ ਸ਼ਹਿਰ ’ਚ ਸੜਕਾਂ, ਗਲੀਆਂ, ਨਾਲੀਆਂ, ਸੀਵਰੇਜ, ਵਾਟਰ ਸਪਲਾਈ ਵਗ਼ੈਰਾ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਹੇ ਹਨ।
ਇਸ ਮੌਕੇ ਅੰਕੁਸ਼ ਬਾਂਸਲ, ਸੋਨੂੰ ਜਿੰਦਲ, ਅਸੀਸ ਜਿੰਦਲ, ਗੌਰਵ ਜਿੰਦਲ, ਭੂਸ਼ਣ ਜਿੰਦਲ, ਅੰਮ੍ਰਿਤ ਬਾਂਸਲ, ਕਿਸ਼ੋਰੀ ਲਾਲ, ਮੰਦਰ ਸਿੰਘ, ਨੀਲਾ ਰਾਮ, ਸੁਮੇਰ ਦਾਸ, ਸੰਦੀਪ ਜਿੰਦਲ, ਸੁਰੇਸ਼ ਕਾਂਸਲ, ਰਾਮ ਨਰਾਇਣ, ਨਰੇਸ਼ ਕਾਂਸਲ, ਨਰੇਸ਼ ਮਿੱਤਲ, ਗੁਰਪਿਆਰ ਸਿੰਘ, ਸਤੀਸ਼ ਕੁਮਾਰ ਘੁੱਗੀ, ਵਿਜੈ ਕੁਮਾਰ ਲੂੰਬਾ, ਭੂਸ਼ਣ ਕੁਮਾਰ, ਕੁਲਭੂਸ਼ਨ ਮਹੇਸ਼ਵਰੀ ਸਮੇਤ ਸੈਂਕੜੇ ਕਾਲੋਨੀ ਨਿਵਾਸੀ ਮੌਜੂਦ ਸਨ।