ਭਾਰਤ-ਪਾਕਿ ਤਣਾਅ: ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਕਾਰਨ ਪ੍ਰਾਜੈਕਟ ਲਟਕੇ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 15 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਤਣਾਅ ਭਾਵੇਂ ਘੱਟ ਗਿਆ ਹੈ, ਪਰ ਸਰਹੱਦੀ ਜ਼ਿਲ੍ਹੇ ਵਿੱਚ ਇਸਦਾ ਅਸਰ ਅਜੇ ਵੀ ਦਿਖਾਈ ਦੇ ਰਿਹਾ ਹੈ। ਪਿਛਲੇ ਦਿਨੀਂ ਵਧੇ ਤਣਾਅ ਕਾਰਨ, ਬਹੁਤੇ ਪਰਵਾਸੀ ਮਜ਼ਦੂਰ ਆਪਣੀ ਸੁਰੱਖਿਆ ਲਈ ਘਰਾਂ ਨੂੰ ਚਲੇ ਗਏ ਸਨ, ਜੋ ਅਜੇ ਤੱਕ ਨਹੀਂ ਪਰਤੇ। ਇਸ ਕਾਰਨ ਇੱਥੋਂ ਦੇ ਕਾਰੋਬਾਰਾਂ 'ਤੇ ਬਹੁਤ ਬੁਰਾ ਅਸਰ ਪਿਆ ਹੈ।
ਫ਼ਿਰੋਜ਼ਪੁਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਪੀਜੀਆਈ ਹਸਪਤਾਲ ਦਾ ਨਿਰਮਾਣ ਪ੍ਰਾਜੈਕਟ, ਸਾਰੇ ਮਜ਼ਦੂਰਾਂ ਦੇ ਚਲੇ ਜਾਣ ਕਾਰਨ ਪਿਛਲੇ ਦਿਨੀਂ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਇੱਥੇ ਪੰਜ ਸੌ ਤੋਂ ਵੱਧ ਮਜ਼ਦੂਰ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ ਹੁਣ ਸੌ ਦੇ ਕਰੀਬ ਵਾਪਸ ਆਏ ਹਨ। ਪ੍ਰਾਜੈਕਟ ਅਧਿਕਾਰੀ ਨੇ ਦੱਸਿਆ ਕਿ ਬਾਕੀ ਮਜ਼ਦੂਰ ਈਦ ਤੋਂ ਬਾਅਦ ਆਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕੰਮ ਰੁਕਣ ਕਾਰਨ ਇਹ ਪ੍ਰਾਜੈਕਟ ਤਿੰਨ ਤੋਂ ਛੇ ਮਹੀਨੇ ਪਿੱਛੇ ਚਲਾ ਗਿਆ ਹੈ। ਇਸੇ ਤਰ੍ਹਾਂ, ਮੋਗਾ ਰੋਡ ’ਤੇ ਸਥਿਤ ਬਿਜਲੀ ਪਲਾਂਟ ਅਤੇ ਕੋਟਕਪੂਰਾ ਵਿੱਚ ਸਥਿਤ ਘਿਓ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਸੈਂਕੜੇ ਕਰਮਚਾਰੀ ਅਜੇ ਤੱਕ ਵਾਪਸ ਨਹੀਂ ਪਰਤੇ।
ਇਸ ਸਥਿਤੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਖੇਤਰ ਰੈਸਟੋਰੈਂਟ ਉਦਯੋਗ ਹੈ। ਮੱਧ ਵਰਗ ਨਾਲ ਜੁੜੇ ਇਸ ਉਦਯੋਗ ਵਿੱਚ ਕੰਮ ਕਰਨ ਵਾਲੇ ਬਹੁਤੇ ਕਰਮਚਾਰੀ ਪਰਵਾਸੀ ਸਨ, ਜੋ ਹੁਣ ਆਪਣੇ ਘਰਾਂ ਨੂੰ ਪਰਤ ਗਏ ਹਨ। ਨਤੀਜੇ ਵਜੋਂ, ਬਹੁਤ ਸਾਰੇ ਰੈਸਟੋਰੈਂਟਾਂ ਨੂੰ ਆਪਣੀਆਂ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ, ਜਦਕਿ ਬਾਕੀ ਦੇ ਰੈਸਟੋਰੈਂਟ ਸੀਮਤ ਸਟਾਫ ਨਾਲ ਹੀ ਕੰਮ ਚਲਾ ਰਹੇ ਹਨ। ਸਥਾਨਕ ਹਰੀਸ਼ ਰੈਸਟੋਰੈਂਟ ਦੇ ਮਾਲਕ ਸ਼ੈਲੇਂਦਰ ਕੁਮਾਰ ਅਨੁਸਾਰ, ਉਨ੍ਹਾਂ ਨੂੰ ਇਸ ਸਥਿਤੀ ਕਾਰਨ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦਾ ਕਾਰੋਬਾਰ ਤੀਜਾ ਹਿੱਸਾ ਰਹਿ ਗਿਆ ਹੈ ਅਤੇ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਸ਼ਹਿਰ ਦੀ ਬਾਗੀ ਰੋਡ 'ਤੇ ਕੁਝ ਮਹੀਨੇ ਪਹਿਲਾਂ ਖੁੱਲ੍ਹਾ ਸੇਠੀ ਰੈਸਟੋਰੈਂਟ ਵੀ ਕਾਰੀਗਰਾਂ ਦੇ ਚਲੇ ਜਾਣ ਕਾਰਨ ਬੰਦ ਪਿਆ ਹੈ।
ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੀ ਚਿੰਤਾ ਵੀ ਸਤਾਉਣ ਲੱਗੀ ਹੈ। ਆੜ੍ਹਤ ਦਾ ਕਾਰੋਬਾਰ ਕਰਦੇ ਕਿਸਾਨ ਜਰਨੈਲ ਸਿੰਘ ਥਿੰਦ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਕਣਕ ਦੀ ਲਿਫਟਿੰਗ ਵੇਲੇ ਪਰੇਸ਼ਾਨੀ ਝੱਲਣੀ ਪਈ ਸੀ ਅਤੇ ਹੁਣ ਝੋਨੇ ਦੀ ਬਿਜਾਈ ਲਈ ਪਰਵਾਸੀ ਮਜ਼ਦੂਰਾਂ ਦੇ ਤਰਲੇ ਕੱਢਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਲਗਾਤਾਰ ਆਪੋ-ਆਪਣੀ ਲੇਬਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ਹਿਰ ਦੇ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਰਵਾਸੀ ਮਜ਼ਦੂਰ ਜਲਦੀ ਤੋਂ ਜਲਦੀ ਕੰਮ 'ਤੇ ਵਾਪਸ ਆਉਣ। ਉਨ੍ਹਾਂ ਕਿਹਾ ਕਿ ਇਹ ਮਜ਼ਦੂਰ ਸਥਾਨਕ ਆਰਥਿਕਤਾ ਲਈ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਦੀ ਘਾਟ ਕਾਰਨ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।