DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India Canada Diplomatic Row: ਪੰਜਾਬ ਪੁਲੀਸ ਨੂੰ ਕੈਨੇਡਾ ਤੋਂ ਅਰਸ਼ ਡੱਲਾ ਦੀ ਹਵਾਲਗੀ ਦੀ ਖ਼ਾਸ ਉਮੀਦ ਨਹੀਂ

Sidhu Moose Wala ਕਤਲ ਕੇਸ ’ਚ ਲੋੜੀਂਦੇ ਗੈਂਗਸਟਰ Goldy Brar ਦੀ ਸਪੁਰਦਗੀ ’ਚ ਵੀ ਨਹੀਂ ਮਿਲੀ ਸਫਲਤਾ 
  • fb
  • twitter
  • whatsapp
  • whatsapp
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 13 ਨਵੰਬਰ

Advertisement

ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਸਰੀ ਦੇ ਗੁਰਦੁਆਰੇ ਦੇ ਬਾਹਰ ਹੱਤਿਆ ਮਗਰੋਂ ਭਾਰਤ ਤੇ ਕੈਨੇਡਾ ਦੇ ਕੂਟਨੀਤਕ ਰਿਸ਼ਤਿਆਂ ਵਿਚ ਪੈਦਾ ਹੋਈ ਤਲਖੀ ਮਗਰੋਂ ਪੰਜਾਬ ਪੁਲੀਸ ਨੇ ਪਿਛਲੇ ਦਿਨੀਂ ਕੈਨੇਡਾ ਵਿਚ ਸ਼ੂਟ ਆਊਟ ਕੇਸ ’ਚ ਗ੍ਰਿਫ਼ਤਾਰ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਦੀ ਹਵਾਲਗੀ ਸਬੰਧੀ ਉਮੀਦ ਛੱਡ ਦਿੱਤੀ ਹੈ।

ਐੱਸਐੱਸਪੀ ਅਜੈ ਗਾਂਧੀ ਨੇ ਕਿਹਾ ਕਿ ਦਹਿਸ਼ਤਗਰਦ ਅਰਸ਼ ਡੱਲਾ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਤ ਸੂਚਨਾ ਪ੍ਰਾਪਤ ਨਹੀਂ ਹੋਈ। ਦਹਿਸ਼ਤਗਰਦ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ (Arshdeep Singh Gill alias Arsh Dalla) ਮੂਲ ਰੂਪ ਵਿਚ ਮੋਗਾ ਸਬ ਡਿਵੀਜ਼ਨ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਚਰਨਜੀਤ ਸਿੰਘ ਅਤੇ ਦਾਦਾ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਡੱਲਾ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਕਤਲ, ਫਿਰੌਤੀ, ਲੁੱਟ-ਖੋਹ ਆਦਿ ਸੰਗੀਨ ਜੁਰਮਾਂ ਤਹਿਤ 60 ਤੋਂ ਵੱਧ ਕੇਸ ਦਰਜ ਹਨ। ਕੈਨੇਡਾ ਪੁਲੀਸ ਵੱਲੋਂ ਅਰਸ਼ ਡੱਲਾ ਦੀ ਸ਼ੂਟਆਊਟ ਕੇਸ ’ਚ ਗ੍ਰਿਫ਼ਤਾਰੀ ਮਗਰੋਂ ਸਥਾਨਕ ਪੁਲੀਸ ਉਸ ਦਾ ਅਪਰਾਧਿਕ ਰਿਕਾਰਡ ਇਕੱਠਾ ਕਰ ਰਹੀ ਹੈ।

ਇਹ ਵੀ ਪੜ੍ਹੋ:

Arsh Dalla: ਕੈਨੇਡਾ ਪੁਲੀਸ ਵੱਲੋਂ ਗੈਂਗਸਟਰ ਅਰਸ਼ ਡੱਲਾ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ

ਗ੍ਰਨੇਡ ਹਮਲੇ ਪਿੱਛੇ ਕੈਨੇਡੀਅਨ ਗੈਂਗਸਟਰ ਅਰਸ਼ ਡੱਲਾ ਦਾ ਹੱਥ

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਪੰਜਾਬ ਪੁਲੀਸ ਨੇ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (Royal Canadian Mounted Police - RCMP) ਨਾਲ ਸੰਪਰਕ ਕਰ ਕੇ ਭਗੌੜਾ ਐਲਾਨੇ ਜਾ ਚੁੱਕੇ ਗੈਂਗਸਟਰ ਗੋਲਡੀ ਬਰਾੜ ਦੀ ਹਵਾਲਗੀ ਲਈ ਕਈ ਮੀਟਿੰਗਾਂ ਕੀਤੀਆਂ, ਪਰ ਕੈਨੇਡਾ ਸਰਕਾਰ ਹਵਾਲਗੀ ਤੋਂ ਟਾਲ-ਮਟੋਲ ਹੀ ਕਰਦੀ ਰਹੀ।

ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਦਰਮਿਆਨ ਤਲਖ਼ੀ ਭਰੇ ਮਾਹੌਲ ਦੇ ਮੱਦੇਨਜ਼ਰ ਦਹਿਸ਼ਤਗਰਦ ਅਰਸ਼ ਡੱਲਾ ਦੀ ਹਵਾਲਗੀ ਦੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਸੁਖਾਵਾਂ ਹੋਣ ਮਗਰੋਂ ਹੀ ਮੁਲਜ਼ਮਾਂ ਦੇ ਅਦਾਨ-ਪ੍ਰਦਾਨ ਦੀ ਉਮੀਦ ਕੀਤੀ ਜਾ ਹੈ। ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਮੁਤਾਬਕ ਅਰਸ਼ ਡੱਲਾ ਦਾ ਭਰਾ ਵੀ ਭਗੌੜਾ ਹੈ। ਉਹ ਆਸਟਰੇਲੀਆ ਵਿਚ ਹੈ। ਪਿਤਾ ਚਰਨਜੀਤ ਸਿੰਘ ਸੰਗਰੂਰ ਜੇਲ੍ਹ ਵਿਚ ਅਤੇ ਮਾਂ ਕੈਨੇਡਾ ਵਿਚ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਨ੍ਹਾਂ ਦਾ ਘਰ ਸੀਲ ਕੀਤਾ ਹੋਇਆ ਹੈ।

ਆਇਲਜ਼ (IELTS) ਬੈਂਡ ਵਾਲੀ ਲੜਕੀ ਨਾਲ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ ਅਰਸ਼ ਡੱਲਾ

ਪੁਲੀਸ ਮੁਤਾਬਕ ਅਰਸ਼ ਡੱਲਾ ਸਾਲ 2018 ਵਿੱਚ ਆਈਲੈਟਸ (ਆਇਲਜ਼) ਬੈਂਡ ਵਾਲੀ ਲੜਕੀ ਨਾਲ ਵਿਆਹ ਕਰਵਾ ਕੇ ਇਕ ਸਾਲ ਬਾਅਦ ਕੈਨੇਡਾ ਚਲਾ ਗਿਆ ਸੀ। ਕੈਨੇਡਾ ਪਹੁੰਚਣ ਤੋਂ ਕਰੀਬ ਸਾਲ ਬਾਅਦ ਕੁਝ ਦਿਨਾਂ ਲਈ ਭਾਰਤ ਆਇਆ ਤਾਂ ਗੈਂਗਸਟਰ ਸੁੱਖੇ ਲੰਮੇ ਦੀ ਜ਼ਹਿਰ ਨਾਲ ਹੱਤਿਆ ਕਰ ਕੇ ਲਾਸ਼ ਨਹਿਰ ਵਿਚ ਰੋੜ੍ਹ ਦਿੱਤੀ। ਕਰੀਬ ਇੱਕ ਸਾਲ ਤੱਕ ਉਹ ਸੁੱਖਾ ਲੰਮੇ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਮਦਦ ਨਾਲ ਫ਼ਿਰੌਤੀ ਆਦਿ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ। ਮਈ 2021 ਵਿਚ ਇਸ ਹੱਤਿਆ ਦਾ ਭੇਤ ਖੁੱਲ੍ਹਣ ਮਗਰੋਂ ਅਰਸ਼ ਡੱਲਾ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸਾਲ 2022 ਵਿਚ ਉਸ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ, ਪਰ ਉਹ ਪਹਿਲਾਂ ਹੀ ਕੈਨੇਡਾ ਪਹੁੰਚ ਗਿਆ ਅਤੇ ਹੁਣ ਤੱਕ ਉਥੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਹੈ।

Advertisement
×