ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲੀ ਦਾ ਕਿਸਾਨ ਇੰਦਰਜੀਤ ਸਿੱਧੂ ਖੇਤੀਬਾੜੀ ਵਿੱਚ ਨਵੇਂ ਪ੍ਰਯੋਗਾਂ ਲਈ ਮਿਸਾਲ ਬਣ ਗਿਆ ਹੈ। ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਉਸਨੇ ਕਣਕ ਤੇ ਝੋਨੇ ਦੇ ਰਵਾਇਤੀ ਚੱਕਰ ਤੋਂ ਬਾਹਰ ਨਿਕਲ ਕੇ ਨਵੀਆਂ ਫ਼ਸਲਾਂ ਦੀ ਪਾਸੇ ਰੁਝਾਨ ਕੀਤਾ, ਜਿਸ ਨਾਲ ਉਸਨੂੰ ਸ਼ਾਨਦਾਰ ਸਫਲਤਾ ਮਿਲ ਰਹੀ ਹੈ।
ਇਸ ਵਰ੍ਹੇ ਸਿੱਧੂ ਨੇ ਅੱਧੇ ਕਿੱਲੇ ਵਿੱਚ ਕੋਧਰੇ ਦੀ ਖੇਤੀ ਟਰਾਇਲ ਤੌਰ ’ਤੇ ਕੀਤੀ, ਜਿਸ ਨੇ ਉਮੀਦ ਤੋਂ ਵੱਧ ਨਤੀਜੇ ਦਿੱਤੇ। ਉਸਦੇ ਮੁਤਾਬਕ, ਅੱਧੇ ਕਿੱਲੇ ਵਿੱਚੋਂ ਲਗਪਗ ਪੰਜ ਕੁਇੰਟਲ ਫ਼ਸਲ ਦੀ ਪੈਦਾਵਾਰ ਹੋਈ ਹੈ। ਸਿੱਧੂ ਦੱਸਦਾ ਹੈ ਕਿ ਕੋਧਰੇ ਦੀ ਫ਼ਸਲ ਸਿਰਫ਼ ਪੰਜ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਤੋਂ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ। ਇਸ ਸਫਲਤਾ ਤੋਂ ਪ੍ਰੇਰਿਤ ਹੋ ਕੇ ਉਹ ਹੁਣ ਅਗਲੇ ਸੀਜ਼ਨ ਵਿੱਚ ਇਸ ਦਾ ਰਕਬਾ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਸਿੱਧੂ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਰਗੈਨਿਕ ਖੇਤੀ ਕਰ ਰਿਹਾ ਹੈ ਅਤੇ ਆਪਣੀ ਪੰਜ ਏਕੜ ਜ਼ਮੀਨ ’ਤੇ ਵੱਖ-ਵੱਖ ਫ਼ਸਲਾਂ ਉਗਾ ਰਿਹਾ ਹੈ। ਇਨ੍ਹਾਂ ਵਿੱਚੋਂ ਢਾਈ ਏਕੜ ਵਿੱਚ ਉਸਨੇ ਡਰੈਗਨ ਫਰੂਟ ਬੀਜਿਆ ਹੋਇਆ ਹੈ, ਜਿਸ ਤੋਂ ਉਸਨੂੰ ਵਧੀਆ ਆਮਦਨ ਹੋ ਰਹੀ ਹੈ। ਉਸਦੇ ਅਨੁਸਾਰ ਡਰੈਗਨ ਫਰੂਟ ਸਥਾਨਕ ਸਬਜ਼ੀ ਮੰਡੀ ਵਿੱਚ 150 ਤੋਂ 200 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਉਸਨੇ ਦੱਸਿਆ ਕਿ ਬੀਤੇ ਸਾਲ ਉਸਨੇ ਮੁਹਾਲੀ ਤੋਂ ਕਾਲੀ ਕਣਕ ਦਾ ਬੀਜ ਮੰਗਵਾ ਕੇ ਆਪਣੀ ਖੇਤੀ ਵਿੱਚ ਨਵਾਂ ਪ੍ਰਯੋਗ ਕੀਤਾ ਸੀ। ਇੰਦਰਜੀਤ ਸਿੱਧੂ ਦਾ ਕਹਿਣਾ ਕਿ ਜੇ ਕਿਸਾਨ ਰਵਾਇਤੀ ਖੇਤੀ ਦੇ ਤਰੀਕੇ ਬਦਲਣ ਲਈ ਤਿਆਰ ਹੋ ਜਾਣ, ਤਾਂ ਪੰਜਾਬੀ ਕਿਸਾਨੀ ਮੁੜ ਤਰੱਕੀ ਦੇ ਨਵੇਂ ਰਾਹ ਖੋਲ੍ਹ ਸਕਦੀ ਹੈ। ਉਸਨੇ ਇਹ ਵੀ ਦੱਸਿਆ ਕਿ ਬਠਿੰਡਾ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਡਾ. ਅਧਿਕਾਰੀ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਤਕਨੀਕੀ ਮਦਦ ਅਤੇ ਮਾਰਗਦਰਸ਼ਨ ਕਰਦੇ ਹਨ।

