ਜ਼ੀਰਾ-ਫ਼ਿਰੋਜ਼ਪੁਰ ਰਾਜ ਮਾਰਗ ਦੇ ਨਵੀਨੀਕਰਨ ਦਾ ਉਦਘਾਟਨ
ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਘੰਟਾ ਘਰ ਮੁੱਖ ਚੌਕ ਵਿੱਚ 15 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜ਼ੀਰਾ-ਫਿਰੋਜ਼ਪੁਰ ਸਟੇਟ ਹਾਈਵੇ-20 ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜ਼ੀਰਾ ਫਿਰੋਜ਼ਪੁਰ ਸੜਕ ਵੱਲ ਧਿਆਨ ਨਹੀਂ ਦਿੱਤਾ ਤੇ ਸੜਕ ਦੀ ਹਾਲਤ ਖਰਾਬ ਹੋਣ ਕਾਰਨ 34 ਕਿਲੋਮੀਟਰ ਸੜਕ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਤਾਂ ਜੋ ਰਾਹਗੀਰਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਪਰੰਤ ਵਿਧਾਇਕ ਕਟਾਰੀਆ ਵੱਲੋਂ ਸ਼ਹਿਰ ਦੇ ਵਾਰਡ ਨੰਬਰ 1 ਟਿੱਬਾ ਬਸਤੀ, ਵਾਰਡ ਨੰਬਰ 2 ਮੱਲੋਕੇ ਰੋਡ ਜ਼ੀਰਾ, ਵਾਰਡ ਨੰਬਰ 3 ਮੱਲੋਕੇ ਰੋਡ ਜ਼ੀਰਾ, ਵਾਰਡ ਨੰਬਰ 3 ਨੇੜੇ ਕ੍ਰਿਸ਼ਨਾ ਮੰਦਰ ਚੌਕ, ਵਾਰਡ ਨੰਬਰ 4 ਵਸਤੀ ਮਾਛੀਆਂ, ਵਾਰਡ ਨੰਬਰ 5 ਸ਼ਾਹਵਾਲਾ ਰੋਡ, ਵਾਰਡ ਨੰਬਰ 6 ਗਲੀ ਗੁਰਦੁਆਰਾ ਨਾਨਕਸਰ ਸਾਹਿਬ ਵਾਲੀ ਸ਼ਾਹਵਾਲਾ ਰੋਡ, ਵਾਰਡ ਨੰਬਰ 15 ਮਖੂ ਰੋਡ ਜ਼ੀਰਾ ਦੀਆਂ ਗਲੀਆਂ ਬਣਾਉਣ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਸਰਬਜੀਤ ਕੌਰ, ਗੁਰਪ੍ਰੀਤ ਸਿੰਘ ਜੱਜ, ਆੜ੍ਹਤੀਆ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਰਾਜੇਸ਼ ਕੁਮਾਰ ਢੰਡ, ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਬਲਾਕ ਜ਼ੀਰਾ ਦੇ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਧਰਮਪਾਲ ਚੁੱਘ, ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਸਮਾਜ ਸੇਵਿਕਾ ਵਨੀਤਾ ਝਾਂਜੀ, ਅੰਗਰੇਜ਼ ਸਿੰਘ ਅਟਵਾਲ, ਸਰਬਜੀਤ ਸਿੰਘ ਸਰਪੰਚ ਗਾਦੜੀਵਾਲਾ, ਗੁਰਪ੍ਰੀਤ ਸਿੰਘ ਬਰਾੜ ਸਰਪੰਚ ਮਹੀਆਂ ਵਾਲਾ ਕਲਾਂ, ਗੁਰਜੀਤ ਸਿੰਘ ਸਰਪੰਚ ਪੰਡੋਰੀ ਖੱਤਰੀਆਂ ਤੇ ਕੌਂਸਲ ਜ਼ੀਰਾ ਦੇ ਸਮੂਹ ਕਰਮਚਾਰੀ ਹਾਜ਼ਰ ਸਨ।