ਕਸਬਾ ਮੁੱਦਕੀ ਦੇ ਬਾਜ਼ਾਰਾਂ ਵਿੱਚ ਕੁਝ ਦੁਕਾਨਦਾਰਾਂ ਤੇ ਰੇੜੀ-ਫੜੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਸਥਾਨਕ ਪ੍ਰਸ਼ਾਸਨ ਵੱਲੋਂ ਕੁਝ ਸਖ਼ਤੀ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦੇ ਸੈਂਕੜੇ ਬਾਸ਼ਿੰਦਿਆਂ ਦੇ ਦਸਤਖ਼ਤ ਵਾਲਾ ਇੱਕ ਮੰਗ ਪੱਤਰ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਸੌਂਪਿਆ ਸੀ। ‘ਪੰਜਾਬੀ ਟ੍ਰਿਬਿਊਨ’ ਨੇ ਆਪਣੇ 26 ਸਤੰਬਰ ਦੇ ਅੰਕ ਵਿੱਚ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ।
ਇਸ ਸਬੰਧੀ ਸ਼ਹਿਰ ਦੇ ਪਤਵੰਤਿਆਂ ਤੇ ਕੌਂਸਲਰਾਂ ਵੱਲੋਂ ਬਕਾਇਦਾ ਬੈਠਕਾਂ ਵੀ ਕੀਤੀਆਂ ਗਈਆਂ ਹਨ। ਬੈਠਕਾਂ ਵਿੱਚ ਫ਼ੈਸਲਾ ਹੋਇਆ ਕਿ ਸੜਕ ਦੀ ਡਿਵਾਈਡਿੰਗ ਲਾਈਨ ਤੋਂ ਦੋਨੋਂ ਪਾਸੇ ਘੱਟੋ-ਘੱਟ 30 ਫੁੱਟ ਤੱਕ ਜਗ੍ਹਾ ਖ਼ਾਲੀ ਕਰਵਾਈ ਜਾਵੇ। ਉਪਰੰਤ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਵਾਰਡ ਨੰਬਰ 3 ਦੀ ਐਮਸੀ ਦੇ ਪਤੀ ਜਤਿੰਦਰ ਸਿੰਘ ਘਾਲੀ ਦੀ ਮੌਜੂਦਗੀ ਵਿੱਚ ਪੁਰਾਣੇ ਮੁੱਖ ਮਾਰਗ 'ਤੇ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਅਜੇ ਕਈ ਦੁਕਾਨਦਾਰਾਂ ਦਾ ਸਮਾਨ ਸੀਮਾ ਹੱਦ ਤੋਂ ਬਾਹਰ ਪਿਆ ਹੈ, ਜਿਸ 'ਤੇ ਕਾਰਵਾਈ ਦੀ ਜ਼ਰੂਰਤ ਹੈ। ਕਾਰਜ ਸਾਧਕ ਅਫ਼ਸਰ ਜਗਦੀਸ਼ ਰਾਏ ਗਰਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੱਕ ਇਸ 'ਤੇ ਬਕਾਇਦਾ ਐਕਸ਼ਨ ਲੈ ਲਿਆ ਜਾਵੇਗਾ। ਨਗਰ ਪੰਚਾਇਤ ਦੀ ਹੁਣ ਤੱਕ ਦੀ ਕਾਰਵਾਈ 'ਤੇ ਸ਼ਹਿਰ ਦੇ ਸੂਝਵਾਨ ਲੋਕਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਦੁਕਾਨਦਾਰ ਆਪਣਾ ਸਾਮਾਨ ਸੜਕਾਂ ’ਤੇ ਨਾ ਰੱਖਣ।