ਪਿੰਡ ਗੰਗਾ ’ਚ ਚੱਲਦੇ ਗ਼ੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾਸ਼
ਸਥਾਨਕ ਪੁਲੀਸ ਨੇ ਪਿੰਡ ਗੰਗਾ ਦੇ ਖੇਤਾਂ ਵਿੱਚ ਚੱਲ ਰਹੇ ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ’ਤੇ ਛਾਪਾ ਮਾਰ ਕੇ ਉਥੇ ਦਾਖ਼ਲ 29 ਨੌਜਵਾਨਾਂ ਨੂੰ ਬਚਾਇਆ ਹੈ। ਪੁਲੀਸ ਨੇ ਇਸ ਕੇਂਦਰ ਨੂੰ ਗੈਰ-ਕਾਨੂੰਨੀ ਤੌਰ ’ਤੇ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਬੌਬੀ ਵਾਸੀ ਨਥਾਣਾ ਅਤੇ ਪ੍ਰਭਦੀਪ ਸਿੰਘ ਵਾਸੀ ਜਲਾਲਾਬਾਦ (ਫਾਜ਼ਿਲਕਾ) ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਧਾਰਾ 318 (4) ਅਤੇ 127(2) ਅਧੀਨ ਮੁਕੱਦਮਾ ਦਰਜ ਕੀਤਾ ਹੈ।
ਡੀਐੱਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਗੰਗਾ ਦੇ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਛਾਪਾ ਮਾਰਿਆ ਜਿਥੋਂ 29 ਨੌਜਵਾਨ ਫੜੇ ਗਏ। ਨਸ਼ਾ ਛੱਡਣ ਲਈ ਆਏ ਇਹ ਨੌਜਵਾਨ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਨਾਲ ਸਬੰਧਤ ਹਨ। ਪੁਲੀਸ ਨੇ ਇਨ੍ਹਾਂ ਨੌਜਵਾਨਾਂ ਨੂੰ ਬਠਿੰਡਾ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਭੇਜ ਦਿੱਤਾ ਹੈ। ਪੁਲੀਸ ਨੇ ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ਵਰਤੇ ਜਾ ਰਹੇ ਘਰ ਦੀ ਤਲਾਸ਼ੀ ਵੀ ਲਈ। ਇਸ ਗੈਰ ਕਾਨੂੰਨੀ ਸੈਂਟਰਦਾ ਕੋਈ ਵੀ ਲਾਇਸੈਂਸ ਅਤੇ ਤਜਰਬੇਕਾਰ ਡਾਕਟਰ ਨਹੀਂ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੀ ਇਸ ਘਰ ਨੂੰ ਕਿਰਾਏ ’ਤੇ ਲੈ ਕੇ ਨਸ਼ਾ ਮੁੁਕਤੀ ਕੇਂਦਰ ਬਣਾਇਆ ਗਿਆ ਸੀ। ਕਿਰਾਏ ’ਤੇ ਲੈਣ ਸਮੇਂ ਇਸ ਘਰ ਨੂੰ ਮਰੀਜ਼ਾਂ ਦੀ ਮਸਾਜ਼ ਕਰਨ ਲਈ ਵਰਤਣ ਵਜੋਂ ਦੱਸਿਆ ਗਿਆ ਸੀ। ਪੁਲੀਸ ਨੇ ਸੂਚਨਾ ਮਿਲਦਿਆਂ ਹੀ ਡਾਕਟਰਾਂ ਦੀ ਟੀਮ ਅਤੇ ਇਲਾਕਾ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਇਸ ਥਾਂ ’ਤੇ ਛਾਪਾ ਮਾਰਿਆਂ ਦੇ ਇਸ ਦਾ ਪਰਦਾਫਾਸ਼ ਕੀਤਾ।