ਰਾਜੇਆਣਾ ’ਚ ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼
ਪਿੰਡ ਰਾਜੇਆਣਾ ਨੇੜੇ ਖੇਤਾਂ ਵਿੱਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰਕੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕੇਂਦਰ ਨੂੰ ਬਿਨਾਂ ਕਿਸੇ ਮਲਜ਼ੂਰੀ ਤੋਂ ਚਲਾਇਆ ਜਾ ਰਿਹਾ ਸੀ।
ਡੀਐੱਸਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਡੀਸੀ ਸਾਗਰ ਸੇਤੀਆ ਨੂੰ ਕਿਸੇ ਵਿਅਕਤੀ ਨੇ ਇਸ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਬਾਰੇ ਸ਼ਿਕਾਇਤ ਕੀਤੀ ਸੀ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਕਾਰਵਾਈ ਕੀਤੀ ਹੈ ਜਿਸ ਵਿਚ ਉਹ ਖੁਦ, ਐੱਸਡੀਐੱਮ ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ, ਤਹਿਸੀਲਦਾਰ ਬਾਘਾਪੁਰਾਣਾ ਅਤੇ ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਟੀਮ ਨੇ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ ਮਾਰ ਕੇ ਉਥੋਂ ਕਥਿਤ ਇਲਾਜ ਲਈ ਭਰਤੀ ਕੀਤੇ 10 ਮਰੀਜ਼ਾ ਨੂੰ ਮੁਕਤ ਕਰਵਾਇਆ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਸੰਚਾਲਕ ਸੁਖਵੰਤ ਸਿੰਘ ਬਰਾੜ ਖ਼ਿਲਾਫ਼ ਐਫ਼ਆਈਆਰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ ਪਰ ਉਹ ਜ਼ਮਾਨਤ ਮਿਲਣ ਮਗਰੋਂ ਮੁੜ ਗੈਰਕਾਨੂੰਨੀ ਢੰਗ ਨਾਲ ਕੇਂਦਰ ਚਲਾਉਣ ਲੱਗ ਪੈਂਦਾ ਹੈ। ਪੁਲੀਸ ਮੁਤਾਬਕ ਇਸ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚੋਂ ਮੁਕਤ ਕਰਵਾਏ ਗਏ ਮਰੀਜਾਂ ਨੂੰ ਊਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਚਾਲਕ ਲੋਕਾਂ ਕੋਲੋਂ ਸਰਕਾਰ ਤੋਂ ਕੇਂਦਰ ਮਾਨਤਾ ਪ੍ਰਾਪਤ ਹੋਣ ਦਾ ਦਾਅਵਾ ਕਰਕੇ ਮੋਟੀ ਰਕਮ ਹਾਸਲ ਕਰ ਰਿਹਾ ਸੀ।