ਫ਼ਰੀਦਕੋਟ ’ਚ ‘ਆਪ’ ਆਗੂ ਦੀ ਨਾਜਾਇਜ਼ ਉਸਾਰੀ ਢਾਹੀ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 2 ਜੁਲਾਈ
ਫ਼ਰੀਦਕੋਟ-ਕੋਟਕਪੂਰਾ ਸੜਕ ’ਤੇ ਸ਼ਾਹੀ ਹਵੇਲੀ ਸਾਹਮਣੇ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਪ੍ਰਸ਼ਾਸਨ ਨੇ ਅੱਜ ਹਟਾ ਦਿੱਤਾ। ਪੁਲੀਸ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਚਾਰ ਜੇਬੀਸੀ ਮਸ਼ੀਨਾਂ ਮੌਕੇ ’ਤੇ ਲਿਜਾ ਕੇ ਨਾਜਾਇਜ਼ ਕਬਜ਼ੇ ਵਾਲੇ ਸਾਰੇ ਅਹਾਤੇ ਨੂੰ ਢਾਹ ਦਿੱਤਾ। ਇਹ ਅਹਾਤਾ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਦਾ ਸੀ ਅਤੇ ਸੂਬੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਇਸ ਤੋਂ ਪਹਿਲਾਂ ਉਹ ਕਾਂਗਰਸ ਵਿੱਚ ਸੀ ਅਤੇ ਖੁਦ ਨੂੰ ਰਾਜਾ ਵੜਿੰਗ ਦਾ ਕਰੀਬੀ ਰਿਸ਼ਤੇਦਾਰ ਦੱਸਦਾ ਸੀ। ਅਰਸ਼ ਸੱਚਰ ਨੇ ਸ਼ਾਹੀ ਹਵੇਲੀ ਦੇ ਨਾਲ ਫ਼ਰੀਦ ਐਨਕਲੇਵ ਕਲੋਨੀ ਵੀ ਵਸਾਈ ਸੀ। ਕਲੋਨੀ ਵਾਸੀਆਂ ਨੇ ਗਰੀਨ ਕੌਮੀ ਗਰੀਨ ਟ੍ਰਿਬਿਊਨਲ ਕੋਲ ਸ਼ਿਕਾਇਤ ਕੀਤੀ ਸੀ ਕਿ ਕਲੋਨੀ ਦੇ ਡਿਵੈਲਪਰਾਂ ਨੇ ਗਰੀਨ ਜ਼ੋਨ ਵਾਲੀ ਥਾਂ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਕਲੋਨੀ ਵਾਸੀਆਂ ਦੇ ਬੱਚਿਆਂ ਲਈ ਬਣੇ ਸਕੂਲ ਨੂੰ ਕਲੱਬ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੀਵਰੇਜ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਜੋ ਪਾਰਕਾਂ ਵਿੱਚ ਛੱਡਿਆ ਜਾਂਦਾ ਹੈ। ਗਰੀਨ ਟ੍ਰਿਬਿਊਨਲ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਆਦੇਸ਼ ਦਿੱਤੇ ਸਨ ਕਿ ਨਾਜਾਇਜ਼ ਕਬਜ਼ੇ ਨੂੰ ਹਟਾ ਕੇ ਇਸ ਸਬੰਧੀ ਹਲਫੀਆ ਬਿਆਨ ਟ੍ਰਿਬਿਊਨਲ ਸਾਹਮਣੇ ਪੇਸ਼ ਕੀਤਾ ਜਾਵੇ। ਕੌਮੀ ਗਰੀਨ ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ 8 ਜੁਲਾਈ ਨੂੰ ਸੁਣਵਾਈ ਕਰਨੀ ਸੀ। ਫਰਵਰੀ ਮਹੀਨੇ ਤੋਂ ਲੈ ਕੇ ਅੱਜ ਤੱਕ ਪ੍ਰਸ਼ਾਸ਼ਨ ਲਗਾਤਾਰ 'ਆਪ' ਆਗੂ ਨੂੰ ਨਜਾਇਜ਼ ਕਬਜਾ ਹਟਾਉਣ ਲਈ ਪੱਤਰ ਭੇਜ ਰਿਹਾ ਸੀ ਪਰੰਤੂ 'ਆਪ' ਆਗੂ ਨੇ ਕਬਜ਼ਾ ਨਹੀਂ ਹਟਾਇਆ ਜਿਸ ਕਰਕੇ ਪ੍ਰਸ਼ਾਸਨ ਨੇ ਅੱਜ ਨਾਜਾਇਜ਼ ਉਸਾਰੀ ਹਟਾ ਦਿੱਤੀ। ਅਰਸ਼ ਸੱਚਰ ਨੇ ਆਪਣੇ ਨਾਜਾਇਜ਼ ਕਬਜ਼ੇ ਨੂੰ ਬਚਾਉਣ ਲਈ ਨਾਜਾਇਜ਼ ਉਸਾਰੀ ਵਾਲੀ ਥਾਂ 'ਤੇ ਆਮ ਆਦਮੀ ਪਾਰਟੀ ਦਾ ਦਫ਼ਤਰ ਬਣਾਇਆ ਸੀ ਪਰ ਉਹ ਪ੍ਰਸ਼ਾਸਨ ਨੇ ਢਾਹ ਦਿੱਤਾ। ਅਰਸ਼ ਸੱਚਰ ਨੇ ਦੋਸ਼ ਲਾਇਆ ਕਿ ਉਸ ਦੇ ਅਹਾਤੇ ਨੂੰ ਨਿੱਜੀ ਰੰਜਿਸ਼ ਕਰਕੇ ਢਾਹਿਆ ਗਿਆ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅਰਸ਼ ਸੱਚਰ ਦੇ ਗੈਰ ਕਾਨੂੰਨੀ ਕਬਜ਼ੇ ਨੂੰ ਪ੍ਰਸ਼ਾਸਨ ਨੇ ਕੌਮੀ ਗਰੀਨ ਟ੍ਰਿਬਿਊਨਲ ਦੇ ਹੁਕਮਾਂ ’ਤੇ ਹਟਾਇਆ ਹੈ ਅਤੇ ਇਸ ਵਿੱਚ ਕੋਈ ਵੀ ਬਦਲਾਖੋਰੀ ਵਾਲੀ ਗੱਲ ਨਹੀਂ ਹੈ।