ਹਮੀਦੀ ’ਚ ਡਰੇਨ ਓਵਰਫ਼ਲੋਅ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ
ਭਾਰੀ ਮੀਂਹ ਕਾਰਨ ਪਿੰਡ ਹਮੀਦੀ ਨੇੜੇ ਲੰਘਦੀ ਲਸਾੜਾ ਡਰੇਨ ਓਵਰਫ਼ਲੋਅ ਹੋਣ ਕਾਰਨ ਸੈਂਕੜੇ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਫ਼ਸਲ ਪਾਣੀ ਦੀ ਮਾਰ ਹੇਠਾਂ ਆ ਗਈ। ਪੀੜਤ ਕਿਸਾਨਾਂ, ਪੰਚਾਇਤ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਪਾਣੀ ਕੱਢਣ ਦੇ ਯਤਨ ਸ਼ੁਰੂ ਕੀਤੇ ਗੲੈ ਹਨ।ਸਰਪੰਚ ਓਮਨਦੀਪ ਸਿੰਘ, ਪੰਚ ਹਰਪ੍ਰੀਤ ਸਿੰਘ ਦਿਓਲ ਤੇ ਏਕਮ ਸਿੰਘ ਦਿਓਲ ਨੇ ਦੱਸਿਆ ਡਰੇਨ ਦੇ ਓਵਰਫ਼ਲੋਅ ਹੋਣ ਕਾਰਨ ਕਰੀਬ 600 ਏਕੜ ਦੇ ਕਰੀਬ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਜੇਸੀਬੀ ਤੇ ਹੋਰ ਸਾਧਨਾਂ ਰਾਹੀਂ ਸੜਕਾਂ ਤੇ ਪੁਲੀਆਂ ਨੂੰ ਖੁੱਲ੍ਹਵਾ ਕੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਤੋਂ ਬਚਾਉਣ ਲਈ ਕੰਮ ਸ਼ੁਰੂ ਕੀਤਾ। ਉਹਨਾਂ ਗਰੀਬ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ ਅਤੇ ਫ਼ਸਲਾਂ ਦੇ ਨੁਕਸਾਨੇ ਸਬੰਧੀ ਮੁਆਵਜ਼ੇ ਦੀ ਵੀ ਮੰਗ ਕੀਤੀ। ਇਸ ਮੌਕੇ ਤਹਿਸੀਲਦਾਰ ਮਹਿਲ ਕਲਾਂ ਪਵਨ ਕੁਮਾਰ, ਫ਼ੀਲਡ ਕਾਨੂੰਨਗੋ ਰਾਜਵਿੰਦਰ ਸਿੰਘ, ਪਟਵਾਰੀ ਵਿਨੋਦ ਕੁਮਾਰ, ਡਰੇਨ ਵਿਭਾਗ ਦੇ ਐਸਡੀਓ ਕੁਨਾਲ ਸ਼ਰਮਾ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ।
ਭਦੌੜ (ਰਾਜਿੰਦਰ ਵਰਮਾ): ਮੀਂਹ ਕਾਰਨ ਪਿੰਡ ਨੈਣੇਵਾਲ ਦੇ ਗਰੀਬ ਪਰਿਵਾਰ ਦੇ ਰਹਿਣ ਬਸੇਰੇ ਦੀ ਛੱਤ ਡਿੱਗਣ ਕਾਰਨ ਪਰਿਵਾਰ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਨੀਲਾ ਸਿੰਘ ਵਾਸੀ ਨੈਣੇਵਾਲ ਆਪਣੀ ਪਤਨੀ ਅਤੇ ਮੰਦਬੁੱਧੀ ਪੁੱਤਰ ਸਮੇਤ ਇੱਕੋਂ ਛੱਤ ਹੇਠ ਰਹਿ ਰਹੇ ਸਨ ਜਿਨ੍ਹਾਂ ਦੇ ਕਮਰੇ ਦੀ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਟਾਇਲ ਬਾਲੇ ਦੀ ਛੱਤ ਪੂਰੀ ਤਰ੍ਹਾਂ ਡਿੱਗ ਗਈ ਹੈ।
ਬਰਨਾਲਾ ਜ਼ਿਲ੍ਹੇ ’ਚ ਕਈ ਸੜਕਾਂ ’ਤੇ ਆਵਾਜਾਈ ਬੰਦ ਕੀਤੀ
ਬਰਨਾਲਾ (ਖੇਤਰੀ ਪ੍ਰਤੀਨਿਧ): ਭਾਰੀ ਮੀਂਹ ਅਤੇ ਪਾਣੀ ਭਰਨ ਦੀ ਸਮੱਸਿਆ ਕਾਰਨ ਜ਼ਿਲ੍ਹਾ ਬਰਨਾਲਾ ਦੀਆਂ ਕੁਝ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਨੂੰ ਹੋਰ ਰਸਤਿਆਂ ‘ਤੇ ਮੋੜ ਦਿੱਤਾ ਗਿਆ ਹੈ। ਡੀਸੀ ਟੀ. ਬੈਨਿਥ ਨੇ ਦੱਸਿਆ ਕਿ ਰਾਹਗੀਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਸੜਕਾਂ ‘ਤੇ ਚੱਲਣ ਵਾਲੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਰਨਾਲਾ-ਬਾਜਾਖਾਨਾ ਰੋਡ ਤੋਂ ਕੋਠੇ ਰਾਮਸਰ, ਖੁੱਡੀ ਕਲਾਂ ਤੋਂ ਸੋਲ੍ਹਾਂ ਦਾ ਮੱਠ, ਕੱਟੂ ਤੋਂ ਭੱਠਲਾਂ, ਬਰਨਾਲਾ - ਧਨੌਲਾ ਰੋਡ ਤੋਂ ਫਰਵਾਹੀ ਤੋਂ ਸੇਖਾ, ਕਾਹਨੇਕੇ ਤੋਂ ਬਦਰਾ, ਪੱਖੋ ਕਲਾਂ ਤੋਂ ਤਾਜੋਕੇ ਅਤੇ ਭੱਠਲਾਂ-ਕੱਟੂ ਆਦਿ ਸੜਕਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਆਵਾਜਾਈ ਨੂੰ ਇਨ੍ਹਾਂ ਰਸਤਿਆਂ ਤੋਂ ਮੋੜ ਦਿੱਤਾ ਹੈ। ਇਸੇ ਤਰ੍ਹਾਂ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਕੁਝ ਹਿੱਸਿਆਂ ਨੂੰ ਰਾਹਗੀਰਾਂ ਲਈ ਬੰਦ ਕਰ ਦਿੱਤਾ ਗਿਆ ਹੈ।