ਘੱਗਰ ਦੇ ਮਾਈਨਰ ’ਚ ਪਾੜ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ
ਪ੍ਰਭੂ ਦਿਆਲ/ਜਗਤਾਰ ਸਮਾਲਸਰ
ਸਿਰਸਾ/ਏਲਨਾਬਾਦ, 5 ਜੁਲਾਈ
ਪਿੰਡ ਧੌਤੜ-ਖਰੀਆਂ ਨੇੜੇ ਘੱਗਰ ਦੇ ਮਾਈਨਰ ’ਚ ਪਾੜ ਪੈਣ ਕਾਰਨ ਸੈਂਕੜੇ ਏਕੜ ਨਰਮੇ ਤੇ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਇਸ ਦੌਰਾਨ ਸੜਕ ’ਤੇ ਭਰੇ ਪਾਣੀ ਕਾਰਨ ਟੋਏ ’ਚ ਡਿੱਗ ਕੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ 30 ਸਾਲਾ ਸੰਦੀਪ ਵਜੋਂ ਹੋਈ। ਉਹ ਸਰਕਾਰੀ ਹਸਪਤਾਲ ’ਚ ਸਫ਼ਾਈ ਮੁਲਾਜ਼ਮ ਸੀ। ਉਸ ਦਾ ਜੀਜਾ ਸੁਖਦੇਵ ਸਿੰਘ ਵਾਸੀ ਬੱਕਰੀਆਂ ਵਾਲੀ ਜ਼ਖ਼ਮੀ ਹੋ ਗਿਆ। ਘੱਗਰ ਵਿੱਚ ਲਗਾਤਾਰ ਵੱਧ ਰਹੇ ਪਾਣੀ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਘੱਗਰ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਮਾਈਨਰਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਏਲਨਾਬਾਦ ਅਤੇ ਰਾਣੀਆਂ ਖੇਤਰ ਵਿੱਚ ਦੋ ਦਿਨਾਂ ਵਿੱਚ ਇਹ ਮਾਈਨਰ ਦੋ ਵਾਰ ਟੁੱਟ ਚੁੱਕੇ ਹਨ। ਅੱਜ ਸਵੇਰੇ ਚਾਰ ਵਜੇ ਰਾਣੀਆਂ ਦੇ ਨਜ਼ਦੀਕ ਪਿੰਡ ਧੋਤੜ ਨੇੜੇ ਮਾਈਨਰ ਟੁੱਟ ਗਿਆ। ਕਿਸਾਨਾਂ ਨੇ ਦੱਸਿਆ ਕਿ ਮਾਈਨਰ ਵਿੱਚ 60 ਫੁੱਟ ਚੌੜਾ ਪਾੜ ਪੈਣ ਕਾਰਨ ਲਗਪਗ 200 ਏਕੜ ਫ਼ਸਲ ਡੁੱਬ ਗਈ। ਇਸ ਦੇ ਨਾਲ ਹੀ 40 ਏਕੜ ਦੇ ਬਾਗ਼ਾਂ ਵਿਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਅਤੇ ਉਸ ਦਾ ਜੀਜਾ ਮੋਟਰਸਾਈਕਲ ’ਤੇ ਇੱਥੇ ਮਾਈਨਰ ਕੋਲੋਂ ਲੰਘ ਰਹੇ ਸਨ ਕਿ ਸੜਕ ਧੱਸਣ ਕਾਰਨ ਉਹ ਮੋਟਰਸਾਈਕਲ ਸਮੇਤ ਟੋਏ ਵਿੱਚ ਡਿੱਗ ਪਏ। ਮਗਰੋਂ ਧੋਤੜ ਵਾਸੀਆਂ ਨੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ਾ ਮੰਗਿਆ। ਸਰਪੰਚ ਰਾਜੇਸ਼ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਾਈਨਰ ’ਚ ਕਿਸਾਨਾਂ ਵੱਲੋਂ ਪਾਈਆਂ ਗਈਆਂ ਪਾਈਪਾਂ ਜੇਸੀਬੀ ਨਾਲ ਪੁੱਟੀਆਂ ਗਈਆਂ ਸਨ ਅਤੇ ਪਾਈਪਾਂ ਵਾਲੀ ਥਾਂ ’ਤੇ ਬੰਨ੍ਹਾਂ ਨੂੰ ਪੂਰਾ ਮਜ਼ਬੂਤ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਮਾਈਨਰ ’ਚ ਪਾੜ ਪਿਆ।