ਅਕਾਲੀ ਦਲ ਦੇ ਨਵੇਂ ਚੁਣੇ ਦਿਹਾਤੀ ਤੇ ਸ਼ਹਿਰੀ ਪ੍ਰਧਾਨਾਂ ਦਾ ਸਨਮਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਾਨਸਾ ਜ਼ਿਲ੍ਹੇ ਦੇ ਦਿਹਾਤੀ ਦੇ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਨਿਯੁਕਤੀ ਨੂੰ ਲੈ ਕੇ ਅੱਜ ਇਥੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ’ਚ ਪਾਰਟੀ ਵਰਕਰਾਂ ਵੱਲੋਂ ਸਨਮਾਨ ਸਮਾਰੋਹ ਕੀਤਾ ਗਿਆ। ਇਸ ਤੋਂ ਇਲਾਵਾ ਪਾਰਟੀ ਵੱਲੋਂ ਪ੍ਰੇਮ ਕੁਮਾਰ ਅਰੋੜਾ ਨੂੰ ਪੰਜਾਬ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਹੋਣ ’ਤੇ ਵੀ ਸਨਮਾਨਿਤ ਕੀਤਾ ਗਿਆ।
ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਅਰੇ ਹੇਠ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਲੀ-ਭਾਂਤ ਸਮਝ ਚੁੱਕੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ।
ਨਵੇਂ ਚੁਣੇ ਦਿਹਾਤੀ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ, ਜੋ ਕਿਸਾਨਾਂ ਦੀ ਜ਼ਮੀਨ ਜਬਰੀ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਕੀਤਾ, ਉਸ ਨੂੰ ਰੱਦ ਕਰਵਾਉਣ ਲਈ ਸੰਘਰਸ਼ ਵਿਚ ਉਹ ਮੋਹਰੀ ਹੋ ਕੇ ਲੜਨਗੇ।
ਇਸ ਮੌਕੇ ਬਲਦੇਵ ਸਿੰਘ ਮਾਖਾ, ਆਤਮਜੀਤ ਸਿੰਘ ਕਾਲਾ, ਹਨੀਸ਼ ਬਾਂਸਲ, ਹਰਬੰਸ ਸਿੰਘ ਪੰਮੀ, ਜਸਵਿੰਦਰ ਸਿੰਘ ਤਾਮਕੋਟ, ਗੁਰਪ੍ਰੀਤ ਸਿੰਘ ਸਿੱਧੂ, ਸੁਰਜੀਤ ਸਿੰਘ ਲੱਲੂਆਣਾ, ਭੋਲਾ ਨਰਾਇਣ, ਰੰਗੀ ਸਿੰਘ ਖਾਰਾ, ਬੂਟਾ ਸਿੰਘ ਅਕਲੀਆ, ਰਾਜੂ ਦਰਾਕਾ, ਰਾਜ ਪੇਂਟਰ, ਗੁਰਮੇਲ ਸਿੰਘ ਬਿੱਲੂ ਤੇ ਮੇਲਾ ਸਿੰਘ ਬੱਪੀਆਣਾ ਵੀ ਮੌਜੂਦ ਸਨ।