ਸਰਕਾਰੀ ਸਕੂਲ ਅਸਪਾਲ ਖੁਰਦ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਬਾਇਓ ਕੰਪਨੀ ਨੇ ਵਿਦਿਆਰਥੀਆਂ ਨੂੰ 2500 ਰੁਪਏ ਦੇ ਚੈੱਕ ਵੰਡੇ
ਸਰਕਾਰੀ ਹਾਈ ਸਕੂਲ ਅਸਪਾਲ ਖੁਰਦ ਵਿੱਚ ਖੇਤੀ ਖੇਤਰ ਦੀ ਪ੍ਰਸਿੱਧ ਕੰਪਨੀ ਬਾਇਓ ਸਟੈੱਡ ਇੰਡੀਆ ਲਿਮਟਿਡ ਵੱਲੋਂ ਫਾਰਮਰ ਐਗਰੋ ਸਰਵਿਸ ਸੈਂਟਰ ਦੇ ਐਮਡੀ ਕਮਲਜੀਤ ਸਿੰਘ ਅਮਨਦੀਪ ਸਿੰਘਹਰਜਿੰਦਰ ਸਿੰਘ ਸਹਿਯੋਗ ਨਾਲ ਸਕਾਲਰਸ਼ਪਿ ਵੰਡ ਸਮਾਗਮ ਕੀਤਾ ਗਿਆ। ਜਿਸ ਦੌਰਾਨ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ 2500-2500 ਰੁਪਏ ਦੇ ਚੈੱਕ ਵੰਡੇ ਗਏ। ਇਹ ਚੈੱਕ ਬੱਚਿਆਂ ਦੇ ਆਰਥਿਕ ਹਾਲਾਤ ਤੇ ਪ੍ਰਤਿਭਾ ਨੂੰ ਦੇਖਦੇ ਹੋਏ ਕੰਪਨੀ ਦੇ ਰੀਜਨਲ ਮੈਨੇਜਰ ਪੰਕਜ ਕੁਮਾਰ ਗੁਪਤਾ ਅਤੇ ਐੱਸਐੱਫਓ ਗੁਰਮੀਤ ਸਿੰਘ ਵੱਲੋਂ ਵੰਡੇ ਗਏ ਤਾਂ ਜੋ ਬੱਚਿਆਂ ਦੀ ਪੜ੍ਹਾਈ ’ਚ ਸਹਾਇਤਾ ਹੋ ਸਕੇ। ਇਸ ਮੌਕੇ ਨੀਰਜ ਕੁਮਾਰ ਨੇ ਦੱਸਿਆ ਕਿ ਅੱਜ ਦਾ ਦਿਨ ਸਕੂਲ ਲਈ ਬਹੁਤ ਹੀ ਖੁਸ਼ੀ ਵਾਲਾ ਹੈ ਕਿਉਂਕਿ ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ ਸਕੂਲ ਨੂੰ ਇੱਕ ਵੱਡਾ ਆਰਓ ਫਿਲਟਰ 75 ਇੰਚੀ ਦੋ ਟੱਚ ਸਕਰੀਨ ਅਤੇ ਇੱਕ ਵੱਡਾ ਵਾਟਰ ਫਿਲਟਰ ਭੇਜਿਆ ਗਿਆ ਹੈ। ਇਸ ਦੌਰਾਨ ਸਕੂਲ ਇੰਚਾਰਜ ਰਾਜ ਰਾਣੀ ਤੇ ਸਕੂਲ ਦਾ ਸਾਰਾ ਸਟਾਫ ਨੇ ਟੀਮ ਦਾ ਉਚੇਚੇ ਤੌਰ ’ਤੇ ਸਵਾਗਤ ਤੇ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਨੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਜਿਸ ’ਚ ਕਵਿਤਾ, ਗੀਤ ਅਤੇ ਭਾਸ਼ਣ ਆਦਿ ਸ਼ਾਮਲ ਸਨ। ਇਸ ਸਮਾਗਮ ਵਿੱਚ ਪਿੰਡ ਦੇ ਸਰਪੰਚ ਤਰਸੇਮ ਸਿੰਘ ਤੇ ਪੰਚ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।