ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ ਕੋਟਕਪੂਰਾ ਨੇ ਪਿੰਡ ਕਰੀਰਵਾਲੀ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਸ਼ਾਨਦਾਰ ਸਮਾਗਮ ਦੌਰਾਨ ਪੜ੍ਹਾਈ ਵਿੱਚ ਵਿਸ਼ੇਸ਼ ਰੁਤਬਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਸਮਾਰੋਹ ਵਿੱਚ ਕਰੀਰਵਾਲੀ ਦੇ ਜੰਮਪਲ ਸੇਵਾਮੁਕਤ ਅਧਿਆਪਕ ਕੀਰਤਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸੁਸਾਇਟੀ ਵੱਲੋਂ ਮਾਨਵ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਵੀਂ ਤਾਰੀਫ਼ ਕਰਦਿਆਂ ਖੁਲਾਸਾ ਕੀਤਾ ਕਿ ਉਹ ਖੁਦ ਇਸੇ ਸਕੂਲ ਵਿੱਚ ਪੜ੍ਹ ਕੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਸਨ। ਸੁਸਾਇਟੀ ਦੇ ਮੁੱਖ ਸਲਾਹਕਾਰ ਅਤੇ ਨਾਮਵਰ ਕਾਲਮਨਵੀਸ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਤੱਥਾਂ ਦੇ ਹਵਾਲਿਆਂ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਕਿ ਲੜਕਪਨ ਤੋਂ ਜਵਾਨੀ ਦੀ ਮੰਜ਼ਿਲ ਵੱਲ ਵਧਦਿਆਂ ਤਿਲਕਣਬਾਜ਼ੀ ਦੀ ਉਮਰ ਅਖਵਾਉਂਦੀ ਹੈ।
ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ ਨੇ ਮਦਨ ਲਾਲ ਢੀਂਗਰਾ ਦੇ ਜੀਵਨ ਬਾਰੇ ਚਰਚਾ ਕਰਦਿਆਂ, ਆਜ਼ਾਦੀ ਸੰਗਰਾਮ ਦੇ ਪ੍ਰਵਾਨਿਆਂ ਨੂੰ ਸਿਜਦਾ ਕੀਤਾ। ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ਅਤੇ ਵਿੱਤ ਸਕੱਤਰ ਸੋਮਇੰਦਰ ਸੁਨਾਮੀ ਨੇ ਆਪਣੀ ਸੰਸਥਾ ਦੀਆਂ ਸਰਗਰਮੀਆਂ ਬਾਰੇ ਹਾਜ਼ਰੀਨ ਨਾਲ ਸਾਂਝ ਪੁਆਉਂਦਿਆਂ ਦੱਸਿਆ ਕਿ ਸੰਸਥਾ ਤਰਫ਼ੋਂ ਹੁਣ ਤੱਕ 550 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਅਜਿਹੇ ਸਮਾਗਮ ਰਚ ਕੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਕੂਲ ਮੁਖੀ ਕੌਸ਼ਲ ਸ਼ੰਕਰ ਨੇ ਸੁਸਾਇਟੀ ਦੇ ਇਸ ਹੰਭਲੇ ਦੀ ਇਹ ਕਹਿ ਕੇ ਤਾਰੀਫ਼ ਕੀਤੀ ਕਿ ਭਾਵੇਂ ਸਕੂਲ ’ਚ ਅਨੇਕਾਂ ਵਿਸ਼ਿਆਂ ’ਤੇ ਹੁਣ ਤੱਕ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ, ਪਰ ਇਸ ਵਿਲੱਖਣ ਸਮਾਗਮ ਦਾ ਕੋਈ ਸਾਨੀ ਨਹੀਂ। ਸਮਾਗਮ ਦੇ ਅਖੀਰ ਵਿੱਚ ਅਕਾਦਮਿਕ ਖੇਤਰ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਛੇਵੀਂ ਤੋਂ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।