ਹੁਸਨਰ ’ਚ ਗੁਰਬਾਣੀ ਕੰਠ ਕਰਨ ਵਾਲੀ ਬੱਚੀ ਦਾ ਸਨਮਾਨ
ਨਿਰੋਲ ਸੇਵਾ ਆਰਗੇਨਾਈਜੇਸ਼ਨ ਨੇ ਸ੍ਰੀ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਣ ਅਤੇ ਕੰਠ ਮੁਕਾਬਲਿਆਂ ਦਾ ਪ੍ਰੋਗਰਾਮ ਕਰਵਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰ੍ਹਾੜ ਕਲਾਂ ਅਤੇ ਹੁਸਨਰ ਦੇ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਕਰਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ।
ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ (ਕਾਲਾ ਸੋਢੀ) ਨੇ ਦੱਸਿਆ ਕਿ ਹੁਣ ਤੱਕ ਲਗਪਗ 15 ਹਜ਼ਾਰ ਬੱਚੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਤੇ ਇਹ ਮੁਕਾਬਲੇ ਅਕਤੂਬਰ ਮਹੀਨੇ ਹੋਣਗੇ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 64 ਪਿੰਡਾਂ ਦੇ ਬੱਚੇ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਹੁਸਨਰ ਦੇ ਹਾਈ ਸਕੂਲ ਵਿੱਚ ਬੱਚਿਆਂ ਨਾਲ ਮੀਟਿੰਗ ਕਰ ਰਹੇ ਸਨ, ਤਾਂ ਸਕੂਲ ਦੇ ਬੱਚਿਆਂ ਨੇ ਦੱਸਿਆ ਕਿ ਇਸ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਇੱਕ ਛੋਟੀ ਬੱਚੀ ਹੈ, ਜਿਸ ਦੇ ਕਿ ਕਈ ਬਾਣੀਆਂ ਮੂੰਹ ਜ਼ੁਬਾਨੀ ਯਾਦ (ਕੰਠ) ਹਨ। ਸੰਸਥਾ ਵੱਲੋਂ ਪ੍ਰਾਇਮਰੀ ਸਕੂਲ ਵਿੱਚ ਜਾ ਕੇ ਬੱਚੀ ਨੂੰ ਮਿਲਿਆ ਗਿਆ, ਤਾਂ ਉਸ ਨੇ ਸੰਪੂਰਨ ਆਰਤੀ ਦਾ ਪਾਠ ਬਹੁਤ ਵਧੀਆ ਤਰੀਕੇ ਨਾਲ ਸੁਣਾਇਆ। ਉਨ੍ਹਾਂ ਦੱਸਿਆ ਕਿ ਇਹ ਬੱਚੀ ਅਤਿ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਡਾ. ਜਗਦੀਪ ਸਿੰਘ ਸੋਢੀ ਨੇ ਇਸ ਬੱਚੀ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਲੈਣ ਦਾ ਐਲਾਨ ਕਰਦਿਆਂ, ਮੌਕੇ ’ਤੇ ਹੀ ਮਾਲੀ ਮਦਦ ਤੋਂ ਇਲਾਵਾ ਉਸ ਨੂੰ ਇੱਕ ਨਵਾਂ ਸਾਈਕਲ ਲੈ ਕੇ ਦਿੱਤਾ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਬੱਚਿਆਂ ਨੂੰ ਕ੍ਰਮਵਾਰ 1,25,000, 1,00,000 ਅਤੇ 75000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।